ਕਿਸਾਨ ਆਗੂ ਡੱਲੇਵਾਲ ਦੀ ਗੰਭੀਰ ਹਾਲਤ ਲਈ ਕੇਂਦਰ ਜ਼ਿੰਮੇਵਾਰ: AAP ਆਗੂ
ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪੂਰਾ ਕਰੇ : ਢੈਪਈ
ਮਨਜੀਤ ਸਿੰਘ ਢੱਲਾ
ਜੈਤੋ, 27 ਦਸੰਬਰ 2024- ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੌਜੂਦਾ ਨਾਜ਼ੁਕ ਹਾਲਤ ਲਈ ਕੇਂਦਰ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜੈਤੋ ਬਲਾਕ ਦੇ ਪਿੰਡ ਢੈਪਈ ਤੋਂ ਸਰਪੰਚ ਰਣਧੀਰ ਸਿੰਘ (ਧੀਰਾ ਚਹਿਲ) ਨੇ ਕਿਸਾਨਾਂ ਦੇ ਚਲ ਰਹੇ ਸੰਘਰਸ਼ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰ ਦਿੰਦੀ ਤਾਂ ਅਜਿਹੀ ਸਥਿਤੀ ਪੈਦਾ ਨਾ ਹੁੰਦੀ ।ਉਨਾਂ ਕਿਹਾ ਕਿ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦੀ ਅਜਿਹੀ ਹਾਲਤ ਬਹੁਤ ਹੀ ਨਿੰਦਣਯੋਗ ਘਟਨਾ ਸਾਬਤ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਮੰਦਭਾਗੀ ਘਟਨਾ ਵਾਪਰੇ ਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ਉੱਪਰ ਜਲਦ ਕੋਈ ਫੈਸਲਾ ਲਵੇ ਤਾਂ ਕਿ ਕਿਸਾਨ ਸੰਘਰਸ਼ ਨੂੰ ਤੁਰੰਤ ਖਤਮ ਕੀਤਾ ਜਾ ਸਕੇ।