ਆਬਕਾਰੀ ਤੇ ਕਰ ਵਿਭਾਗ ਪਟਿਆਲਾ ਵੱਲੋਂ ਜੀਐਸਟੀ ਜਗਰੂਕਤਾ ਕੈਂਪ
- ਸਪੈਸ਼ਲ ਸਰਵੇ ਦੌਰਾਨ ਅਣ-ਰਜਿਸਟਰ ਵਪਾਰੀ ਵੱਧ ਤੋਂ ਵੱਧ ਰਜਿਸਟ੍ਰ੍ਰੇਸ਼ਨ ਕਰਵਾੳਣ- ਰਮਨਪ੍ਰੀਤ ਕੌਰ ਧਾਲੀਵਾਲ
ਰਾਜਪੁਰਾ/ਪਟਿਆਲਾ, 15 ਜਨਵਰੀ 2025 - ਜੀਐਸਟੀ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ਟੈਕਸ ਦੀ ਅਦਾਇਗੀ ਅਤੇ ਜੀਐਸਟੀ ਦੀ ਐਮਨੈਸਟੀ ਸਕੀਮ ਬਾਰੇ ਜਰੂਰੀ ਜਾਣਕਾਰੀ ਅਤੇ ਪਾਲਣਾ ਕਰਵਾਉਣ ਦੇ ਮਕਸਦ ਨਾਲ ਆਬਕਾਰੀ ਅਤੇ ਕਰ ਵਿਭਾਗ, ਪਟਿਆਲਾ (ਰਾਜਪੁਰਾ ਸਬ-ਦਫਤਰ) ਨੇ ਅੱਜ ਰੋਟਰੀ ਕਲੱਬ, ਰਾਜਪੁਰਾ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ।
ਇਸ ਮੌਕੇ ਆਬਕਾਰੀ ਅਤੇ ਕਰ ਵਿਭਾਗ, ਪਟਿਆਲਾ ਦੇ ਡਿਪਟੀ ਕਮਿਸ਼ਨਰ ਆਫ਼ ਸਟੇਟ ਟੈਕਸ ਰਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਅਣ-ਰਜਿਸਟਰ ਡੀਲਰਾਂ ਨੂੰ ਰਜਿਸਟਰ ਕਰਨ ਲਈ 10 ਜਨਵਰੀ ਤੋਂ ਚਲਾਇਆ ਜਾ ਰਿਹਾ ਸਪੈਸ਼ਲ ਸਰਵੇ 10 ਫਰਵਰੀ ਤੱਕ ਚੱਲੇਗਾ, ਇਸ ਵਿੱਚ ਵੱਧ ਤੋ ਵੱਧ ਰਜਿਸਟ੍ਰ੍ਰੇਸ਼ਨਾ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਪਟਿਆਲਾ ਮਿਸ ਕਨੂ ਗਰਗ, ਆਬਕਾਰੀ ਤੇ ਕਰ ਅਫ਼ਸਰ ਸਰਬਜੀਤ ਸਿੰਘ ਅਤੇ ਆਬਕਾਰੀ ਤੇ ਕਰ ਨਿਰੀਖਕ ਪ੍ਰਿਯੰਕਾ ਗੋਇਲ, ਜਰਨੈਲ ਸਿੰਘ ਅਤੇ ਮੋਹਨ ਸਿੰਘ ਨੇ ਵੀ ਸ਼ਿਰਕਤ ਕਰਕੇ ਕਾਰੋਬਾਰੀਆਂ ਨੂੰ ਦਰਪੇਸ਼ ਵੱਖ-ਵੱਖ ਮਸਲਿਆਂ 'ਤੇ ਚਰਚਾ ਕੀਤੀ।
ਕਨੂ ਗਰਗ ਨੇ ਦੱਸਿਆ ਕਿ ਅੱਜ ਵੱਖ-ਵੱਖ ਖੇਤਰਾਂ ਜਿਵੇਂ ਕਿ ਪੰਜਾਬ ਰਾਜ ਵਿਕਾਸ ਟੈਕਸ (ਪੀਐਸਡੀਟੀ) ਜਿਸ ਵਿੱਚ ਅਧਿਕਾਰੀਆਂ ਨੇ ਵਧੇਰੇ ਰਜਿਸਟ੍ਰੇਸ਼ਨਾਂ ਅਤੇ ਟੈਕਸ ਭੁਗਤਾਨ ਪਾਲਣਾ ਤੇ ਧਿਆਨ ਕੇਂਦਰਿਤ ਕੀਤਾ। ਗ਼ੈਰ-ਰਜਿਸਟਰਡ ਡੀਲਰਾਂ ਦਾ ਸਰਵੇਖਣ ਜਿਸ 'ਚ ਵਿਭਾਗ ਨੇ ਗੈਰਰਜਿਸਟਰਡ ਡੀਲਰਾਂ ਦੀ ਪਛਾਣ ਕਰਨ ਲਈ ਚੱਲ ਰਹੇ ਸਰਵੇਖਣ ਬਾਰੇ ਵਿਸਥਾਰ ਨਾਲ ਦੱਸਿਆ। ਕਿਰਾਏ ਤੇ ਰਿਵਰਸ ਚਾਰਜ ਮਕੈਨਿਜ਼ਮ (ਆਰ.ਸੀ.ਐਮ) ਜਿਸ 'ਚ ਜੀਐਸਟੀ ਅਧੀਨ ਕਿਰਾਏ ਦੇ ਭੁਗਤਾਨਾਂ ਤੇ ਲਾਗੂ ਆਰਸੀਐਮ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ, ਦੇਣਦਾਰੀ ਅਤੇ ਫਾਈਲਿੰਗ ਪ੍ਰਕਿਰਿਆਵਾਂ ਸੰਬੰਧੀ ਸਵਾਲਾਂ ਨੂੰ ਸੰਬੋਧਿਤ ਕੀਤਾ ਗਿਆ। ਜੀਐਸਟੀ ਐਮਨੈਸਟੀ ਸਕੀਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ, ਜੋ ਟੈਕਸਦਾਤਾਵਾਂ ਨੂੰ ਬਕਾਏ ਲਈ ਜੁਰਮਾਨੇ ਅਤੇ ਵਿਆਜ ਨੂੰ ਮੁਆਫ ਕਰਕੇ ਰਾਹਤ ਪ੍ਰਦਾਨ ਕਰਦੀ ਹੈ, ਭਾਗੀਦਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਰਾਜਪੁਰਾ ਦੇ ਪ੍ਰਮੁੱਖ ਵਕੀਲ ਜਿਵੇਂ ਕਿ ਚਿਰੰਜੀਵ ਖੁਰਾਣਾ, ਨਵਦੀਪ ਅਰੋੜਾ, ਦਵਿੰਦਰ ਪਾਹੂਜਾ ਨੇ ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਸਮੇਂ ਚਾਰਟਰਡ ਅਕਾਊਂਟੈਂਟ ਰਾਕੇਸ਼ ਮਿਗਲਾਨੀ, ਰਾਕੇਸ਼ ਸਿੰਗਲਾ, ਜਤਿੰਦਰ ਕੁਮਾਰ, ਅਤੇ ਅਨਮੋਲ ਵਰਮਾ ਸਮੇਤ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਪਹੂਜ਼ਾ, ਸੈਕਟਰੀ ਗਗਨ ਖੁਰਾਣਾ, ਦੀਪਕ ਸ਼ਿਵਸ਼ਤਵ ਪ੍ਰਧਾਨ ਇੰਡਸਟਰੀ ਐਸੋਸੀਏਸ਼ਨ ਅਤੇ ਤਜਿੰਦਰ ਕਮਲੇਸ਼ ਤੋਂ ਇਲਾਵਾ ਸਥਾਨਕ ਵਪਾਰਕ ਸੰਗਠਨਾਂ, ਟੈਕਸ ਸਲਾਹਕਾਰਾਂ ਅਤੇ ਹੋਰ ਹਿੱਸੇਦਾਰਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ।