`ਪੰਜਾਬ ਇਲੈਕਸ਼ਨ ਕੁਇਜ਼-2025` ਲਈ ਆਨ-ਲਾਈਨ ਰਸ਼ਿਟਰੇਸ਼ਨ 28 ਦਸੰਬਰ ਤੋਂ ਸ਼ੁਰੂ
ਜੇਤੂ ਪ੍ਰਤੀਯੋਗੀਆਂ ਨੂੰ ਮਿਲਣਗੇ ਆਕਰਸ਼ਕ ਇਨਾਮ
ਰੋਹਿਤ ਗੁਪਤਾ
ਗੁਰਦਾਸਪੁਰ, 26 ਦਸੰਬਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਸ਼ਟਰੀ ਵੋਟਰ ਦਿਵਸ ਸਬੰਧੀ `ਪੰਜਾਬ ਇਲੈਕਸ਼ਨ ਕੁਇਜ਼-2025` ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਵੋਟਰਾਂ ਦੀ ਸ਼ਮੂਲੀਅਤ, ਸਿੱਖਿਅਤ ਕਰਨਾ ਅਤੇ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ `ਪੰਜਾਬ ਇਲੈਕਸ਼ਨ ਕੁਇਜ਼-2025` ਦੀ ਆਨ ਲਾਈਨ ਰਜਿਸਟਰੇਸ਼ਨ 28 ਦਸੰਬਰ 2024 ਨੂੰ ਸ਼ੁਰੂ ਹੋਵੇਗੀ ਜੋ 17 ਜਨਵਰੀ 2025 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਆਪਣਾ ਅਧਾਰ ਕਾਰਡ, ਵੋਟਰ ਕਾਰਡ ਅਤੇ ਸਕੂਲ, ਕਾਲਜ ਦਾ ਸ਼ਨਾਖਤੀ ਕਾਰਡ ਰਜਿਸ਼ਟਰੇਸ਼ਨ ਸਮੇਂ ਅਪਲੋਡ ਕਰਨਾ ਹੋਵੇਗਾ। `ਪੰਜਾਬ ਇਲੈਕਸ਼ਨ ਕੁਇਜ਼-2025` ਲਈ ਆਨ ਲਾਈਨ ਰਜਿਸਟਰੇਸ਼ਨ ਵੈੱਬ-ਸਾਈਟ www.punjab.indiastatquiz.com ਉੱਪਰ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮੁਕਾਬਲੇ ਸਬੰਧੀ ਹੋਰ ਜਾਣਕਾਰੀ ਵੀ ਇਸ ਵੈੱਬਸਾਈਟ ਉੱਪਰ ਦਿੱਤੀ ਗਈ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਰਾਜ ਪੱਧਰੀ ਆਨ ਲਾਈਨ ਮੁਕਾਬਲਾ 19 ਜਨਵਰੀ 2025 ਨੂੰ ਹੋਵੇਗਾ ਜਦਕਿ 23 ਜ਼ਿਲ੍ਹਿਆਂ ਦਾ ਆਫ਼ ਲਾਈਨ ਮੁਕਾਬਲਾ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ `ਪੰਜਾਬ ਇਲੈਕਸ਼ਨ ਕੁਇਜ਼-2025` ਦੇ ਰਾਜ ਪੱਧਰ `ਤੇ ਪਹਿਲੇ ਸਥਾਨ `ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਵਿੰਡੋ ਲੈਪਟਾਪ, ਦੂਜੇ ਨੰਬਰ `ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਐਂਡਰਾਇਡ ਟੈਬਲੈੱਟ ਅਤੇ ਤੀਸਰੇ ਸਥਾਨ `ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਸਮਾਰਟ ਵਾਚ ਇਨਾਮ ਵਜੋਂ ਦਿੱਤੀ ਜਾਵੇਗੀ।