'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਲੈਕੇ ਪਿੰਡਾਂ 'ਚ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ
- ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਬੰਦ ਕਰਵਾਈ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ
- ਸਿਹਤ ਮੰਤਰੀ ਵੱਲੋਂ ਡੀ.ਸੀ. ਤੇ ਐਸ.ਐਸ.ਪੀ ਨੂੰ ਨਾਲ ਲੈਕੇ ਪਿੰਡ ਰੋਹਟੀ ਬਸਤਾ ਸਿੰਘ 'ਚ ਲੋਕਾਂ ਨਾਲ ਸਿੱਧੀ ਗੱਲਬਾਤ
-'ਨਸ਼ੇ ਵਿਕਣ ਦੀ ਸੂਚਨਾ ਨੇੜਲੀ ਪੁਲਿਸ ਜਾਂ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 9779100200 'ਤੇ ਦਿੱਤੀ ਜਾਵੇ'
ਨਾਭਾ/ਪਟਿਆਲਾ, 2 ਮਾਰਚ 2025 - ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਪਿੰਡਾਂ 'ਚ ਲੈ ਕੇ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਕਰਵਾ ਦਿੱਤੀ ਹੈ।
ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸਐਸਪੀ ਡਾ. ਨਾਨਕ ਸਿੰਘ ਨਾਲ ਨਾਭਾ ਨੇੜਲੇ ਪਿੰਡ ਰੋਹਟੀ ਬਸਤਾ ਵਿਖੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਨਸ਼ਿਆਂ ਬਾਰੇ ਫੀਡਬੈਕ ਵੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਵੀ ਸਾਵਧਾਨ ਕੀਤਾ ਕਿ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਨਾ ਕਰਨ ਸਗੋਂ ਸਰਕਾਰ ਦਾ ਸਾਥ ਦੇਣ ਕਿਉਂਕਿ ਇਹ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਗੱਲੋਂ ਦ੍ਰਿੜ ਹੈ ਕਿ ਨਸ਼ੇ ਦੇ ਤਸਕਰ ਜਾਂ ਪੰਜਾਬ ਛੱਡਣ ਜਾਂ ਆਪਣਾ ਕਾਰੋਬਾਰ ਬਦਲਣ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਪੰਜਾਬ 'ਚ ਨਸ਼ੇ ਵੇਚਣ ਵਾਲਿਆਂ ਦੀ ਕਮਰ ਤੋੜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਮੁਕੰਮਲ ਪ੍ਰਬੰਧ ਕੀਤੇ ਹਨ ਕਿ ਨਸ਼ਿਆਂ ਦੇ ਰਾਹ ਤੋਂ ਮੋੜਕੇ ਜਵਾਨੀ ਨੂੰ ਸੇਧ ਦੇ ਕੇ ਤਰੱਕੀ ਦੇ ਰਾਹ ਤੋਰਿਆ ਜਾਵੇ ਅਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਕੇ ਉਨ੍ਹਾਂ ਦਾ ਹੁਨਰ ਵਿਕਾਸ ਤੇ ਪੁਨਰਵਾਸ ਕੀਤਾ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਚਲਾਈ ਮੁਹਿੰਮ ਨੂੰ ਲੋਕਾਂ ਨੇ ਵੱਧ-ਚੜ੍ਹਕੇ ਸਾਥ ਦਿੰਦਿਆਂ ਖ਼ੁਦ ਨਸ਼ਾ ਤਸਕਰਾਂ ਦੀ ਸੂਚਨਾ ਦਿੱਤੀ, ਜਿਸ ਤੋਂ ਜਾਪਦਾ ਹੈ ਕਿ ਲੋਕ ਹੁਣ ਅੱਗੇ ਆਉਣ ਲੱਗੇ ਹਨ ਅਤੇ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ।ਉਨ੍ਹਾਂ ਨੇ ਦੱਸਿਆ ਕਿ ਰਾਜ 'ਚ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਖਤਮ ਹੋ ਗਈ ਹੈ, ਇਸ ਲਈ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੀਡੀਆ ਤੇ ਲੋਕਾਂ ਦਾ ਸਾਥ ਜਰੂਰੀ ਹੈ।
ਡਾ. ਬਲਬੀਰ ਸਿੰਘ ਨੇ ਪੰਚਾਂ-ਸਰਪੰਚਾਂ ਤੇ ਕੌਂਸਲਰਾਂ ਸਮੇਤ ਲੋਕਾਂ ਦੇ ਹੋਰ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੇ ਤਸਕਰਾਂ ਨਾਲ ਕੋਈ ਹਮਦਰਦੀ ਨਾ ਰੱਖਣ ਕਿਉਂਕਿ ਜੇਕਰ ਪਸ਼ੂ, ਪੰਛੀ ਤੇ ਹੋਰ ਜਾਨਵਰ ਆਪਣੀ ਅਗਲੀਆਂ ਪੀੜ੍ਹੀਆਂ ਤੇ ਨਸਲਾਂ ਨੂੰ ਬਰਬਾਦ ਨਹੀਂ ਹੋਣ ਦਿੰਦੇ ਤਾਂ ਅਸੀਂ ਕਿਉਂ ਅਜਿਹਾ ਕਰ ਰਹੇ ਹਾਂ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਿਕਣ ਦੀ ਸੂਚਨਾ ਨੇੜਲੇ ਪੁਲਿਸ ਚੌਂਕੀ ਜਾਂ ਥਾਣੇ ਨੂੰ ਜਾਂ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 9779100200 'ਤੇ ਦਿੱਤੀ ਜਾਵੇ ਜਿੱਥੇ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਆਮ ਲੋਕ ਸਾਥ ਦੇਣ ਕਿਉਂਕਿ ਜਮੀਨੀ ਪੱਧਰ ਦੀ ਸੂਚਨਾ ਲੋਕਾਂ ਕੋਲ ਹੀ ਹੁੰਦੀ ਹੈ ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਨਸ਼ੇ ਕਰਨ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਕੋਈ ਵੀ ਲੜਾਈ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ, ਇਸ ਲਈ ਲੋਕ ਬੇਖ਼ੌਫ਼ ਹੋ ਕੇ ਨਸ਼ਿਆਂ ਦੇ ਅੱਤਵਾਦ ਦੇ ਖਾਤਮੇ ਲਈ ਅੱਗੇ ਆਉਣ ਤਾਂ ਕਿ ਇਹ ਯੁੱਧ ਵੀ ਜਰੂਰ ਜਿੱਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇਸ ਗੱਲੋਂ ਸਪੱਸ਼ਟ ਹੈ ਕਿ ਮਿਲੀ ਸੂਚਨਾ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ, ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਏ.ਡੀ.ਸੀ. (ਜ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਐਸ.ਪੀ. ਮਨਦੀਪ ਕੌਰ, ਜੈ ਸ਼ੰਕਰ ਸ਼ਰਮਾ, ਸਰਪੰਚ ਗੁਰਧਿਆਨ ਸਿੰਘ, ਦਰਸ਼ਨ ਸਿੰਘ, ਦਿਵਾਨ ਸਿੰਘ, ਅਜੈਬ ਸਿੰਘ, ਗੁਰਦੀਪ ਸਿੰਘ ਮਾਨ, ਜਗਦੀਪ ਸਿੰਘ ਧੰਗੇੜਾ, ਹਰਪਾਲ ਸਿੰਘ ਵਿਰਕ, ਅਮਨਦੀਪ ਸਿੰਘ ਭੁੱਨਰ, ਗੁਰਪ੍ਰੀਤ ਸਿੰਘ ਪੇਧਨੀ, ਹਰਜੀਤ ਸਿੰਘ ਕੈਦੂਪੁਰ, ਗੁਰਪ੍ਰੀਤ ਸਿੰਘ ਖਰੌੜ ਆਦਿ ਵੀ ਮੌਜੂਦ ਸਨ।