ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਨੇ 58ਵਾਂ ਸਥਾਪਨਾ ਦਿਵਸ ਮਨਾਇਆ
ਪਟਿਆਲਾ, 4 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਯੂਨੀਵਰਸਿਟੀ ਸਟੇਡੀਅਮ ਵਿੱਚ ਟਰੈਕ ਅਤੇ ਫੀਲਡ ਸਮਾਗਮਾਂ ਅਤੇ ਟੀਮ ਖੇਡਾਂ ਨਾਲ਼ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ। ਵਿਭਾਗ ਦੀ ਫ਼ੈਕਲਟੀ, ਪ੍ਰਸ਼ਾਸਨਿਕ ਸਟਾਫ਼, ਖੋਜਾਰਥੀਆਂ ਤੋਂ ਇਲਾਵਾ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ, ਖੋ ਖੋ, ਵਾਲੀਬਾਲ, ਰੱਸਾਕਸ਼ੀ ਅਤੇ ਕ੍ਰਿਕਟ ਮੈਚ ਵਿੱਚ ਹਿੱਸਾ ਲਿਆ।
ਵਿਭਾਗ ਮੁਖੀ ਪ੍ਰੋ. ਮਨੀਸ਼ ਕਪੂਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਸੀ ਜਿਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ ਵੰਨਗੀਆਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਐੱਮ. ਐੱਸ-ਸੀ ਬੌਟਨੀ ਦੇ ਪਹਿਲੇ ਬੈਚ (1967-69) ਦੇ ਵਿਦਿਆਰਥੀ ਪ੍ਰੋ. ਐੱਮ. ਕੇ. ਸਿੱਧੂ, ਵਿਭਾਗ ਦੇ ਸੇਵਾਮੁਕਤ ਫ਼ੈਕਲਟੀ ਮੈਂਬਰ ਪ੍ਰੋ ਆਰ.ਸੀ. ਗੁਪਤਾ, ਪ੍ਰੋ. ਐੱਨ. ਐੱਸ. ਆਰਤੀ, ਪ੍ਰੋ. ਐੱਮ.ਆਈ.ਐੱਸ. ਸੱਗੂ, ਪ੍ਰੋ. ਜੇ.ਆਈ.ਐੱਸ ਖੱਟਰ ਅਤੇ ਪ੍ਰੋਫੈਸਰ ਡੀ.ਪੀ. ਸਿੰਘ ਨੇ ਵੀ ਸਰਗਰਮੀ ਨਾਲ਼ ਹਿੱਸਾ ਲਿਆ।
ਸਾਬਕਾ ਵਿਦਿਆਰਥੀਆਂ ਅਤੇ ਸਾਬਕਾ ਫ਼ੈਕਲਟੀ ਮੈਂਬਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਕਪੂਰ ਨੇ ਇਸ ਮੌਕੇ 'ਤੇ ਸਾਰੇ ਖੇਡ ਸਮਾਗਮਾਂ ਦੇ ਕੁਸ਼ਲ ਆਯੋਜਨ ਵਿੱਚ ਮਦਦ ਕਰਨ ਹਿਤ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ। ਦੋ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਇੰਦਰਵੀਰ ਕੌਰ ਨੇ ਇਸ ਮੌਕੇ ਲਈ ਕੇਕ ਤਿਆਰ ਕੀਤੇ।