ਬੀਬੀ ਮਾਣੂੰਕੇ ਨੇ 33 ਕਰੋੜ ਦੇ ਵੱਡੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
- ਕੰਮ ਦੀ ਹੋਈ ਸ਼ੁਰੂਆਤ, ਸ਼ਹਿਰ ਵਾਸੀਆਂ ਨੂੰ ਜ਼ਲਦੀ ਮਿਲੇਗਾ ਪੀਣਯੋਗ ਸ਼ੁੱਧ ਪਾਣੀ
ਜਗਰਾਉਂ, 4 ਫਰਵਰੀ 2025 - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ 33 ਕਰੋੜ ਰੁਪਏ ਦੇ ਵੱਡੇ ਪ੍ਰ਼ੋਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਇਸ 'ਅਮਰੂਤ 2.0' ਪ੍ਰੋਜੈਕਟ ਦੀ ਸ਼ੁਰੂਆਤ ਵੀ ਮੌਕੇ ਤੇ ਹੀ ਕਰਵਾ ਦਿੱਤੀ। ਇਸ ਪ੍ਰੋਜੈਕਟ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਆ ਗਿਆ ਹੈ ਅਤੇ ਇਸ ਸਬੰਧੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਵੀ ਬਿਆਰੀਆਂ ਦਾ ਖਤਰਾ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੇਣ ਲਈ 'ਅਮਰੂਤ 2.0' ਤਹਿਤ ਪ੍ਰੋਜੈਕਟ ਤਿਆਰ ਕਰਵਾਕੇ ਪੰਜਾਬ ਸਰਕਾਰ ਅੱਗੇ ਰੱਖਿਆ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੁਰੰਤ ਪ੍ਰਵਾਨ ਕਰਦਿਆਂ ਜਗਰਾਉਂ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੇਣ ਲਈ ਲਗਭਗ 33 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਅਤੇ ਇਸ ਕੰਮ ਦੀ ਸ਼ੁਰੂਆਤ ਵੀ ਕਰਵਾ ਦਿੱਤੀ ਹੈ ਤੇ ਰਾਏਕੋਟ ਰੋਡ ਉਪਰ ਨਹਿਰ ਵਾਲੇ ਪਾਸੇ ਨੂੰ ਪਾਈਪਾਂ ਪੈਣੀਆਂ ਸ਼ੁਰੂ ਵੀ ਹੋ ਚੁੱਕੀਆਂ ਹੈ। ਉਹਨਾਂ ਦੱਸਿਆ ਕਿ ਇੱਕ ਤਾਂ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ ਅਤੇ ਦੂਸਰਾ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਆ ਗਿਆ ਹੈ।
ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਇਹ ਦੋਵੇਂ ਹੀ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਸ ਮੌਕੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਇੰਜ:ਸੁਪਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ 'ਅਮਰੂਤ 2.0' ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ 'ਅਮਰੂਤ 2.0' ਪ੍ਰੋਜੈਕਟ ਤਹਿਤ ਅਬੋਹਰ ਬ੍ਰਾਂਚ ਅਖਾੜਾ ਨਹਿਰ ਉਪਰ 21 ਟਿਊਬਵੈਲ ਲਗਾਏ ਜਾਣਗੇ ਅਤੇ 13 ਕਿਲੋ-ਮੀਟਰ ਲੰਮੀ ਪਾਈਪ-ਲਾਈਨ ਰਾਹੀਂ ਜਗਰਾਉਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਸ਼ਹਿਰ ਵਿੱਚ ਪਹਿਲਾਂ ਲੱਗੇ ਟਿਊਬਵੈਲਾਂ ਦੀਆਂ ਪਾਈਪਾਂ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨੂੰ ਲਗਭਗ ਛੇ ਮਹੀਨੇ ਦਾ ਸਮਾਂ ਲੱਗ ਜਾਵੇਗਾ ਅਤੇ ਪਹਿਲਾਂ ਤੋਂ ਘਰ-ਘਰ ਲੱਗੀਆਂ ਟੂਟੀਆਂ ਰਾਹੀਂ ਲੋਕਾਂ ਨੂੰ ਸ਼ੁੱਧ ਪੀਣਯੋਗ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਕਸੀਅਨ ਬਿਜਲੀ ਵਿਭਾਗ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸ.ਡੀ.ਈ.ਇੰਜ:ਗੁਰਵਿੰਦਰ ਸਿੰਘ, ਇੰਜ:ਰਕੇਸ਼ ਕੁਮਾਰ ਜੇਈ, ਠੇਕੇਦਾਰ ਸੁਰੇਸ਼ ਕੁਮਾਰ ਬਠਿੰਡਾ, ਨਗਰ ਕੌਂਸਲ ਜਗਰਾਉਂ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਕੌਂਸਲਰ ਰਾਜ ਭਾਰਦਵਾਜ, ਕੌਂਸਲਰ ਰਵਿੰਦਰ ਸੱਭਰਵਾਲ ਫੀਨਾਂ, ਕੌਂਸਲਰ ਅਜੀਤ ਸਿੰਘ ਠੁਕਰਾਲ, ਸਰਪੰਚ ਸੋਹਣ ਸਿੰਘ ਚਕਰ, ਸਰਪੰਚ ਦਵਿੰਦਰ ਸਿੰਘ ਜਨੇਤਪੁਰਾ, ਸਰਪੰਚ ਗੁਰਪ੍ਰੀਤ ਸਿੰਘ ਭੰਮੀਪੁਰਾ, ਕੈਪਟਨ ਸੁਖਚੈਨ ਸਿੰਘ ਜਨੇਤਪੁਰਾ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਰਵਿੰਦਰ ਸਿੰਘ ਗਾਲਿਬ ਖੁਰਦ, ਮੇਹਰ ਸਿੰਘ, ਸਾਜਨ ਮਲਹੋਤਰਾ, ਅਮਰਦੀਪ ਸਿੰਘ ਟੂਰੇ, ਛਿੰਦਰਪਾਲ ਸਿੰਘ ਮੀਨੀਆਂ, ਤਰਸੇਮ ਸਿੰਘ ਅਲੀਗੜ੍ਹ, ਡਾ.ਰੂਪ ਸਿੰਘ, ਮੋਹਣ ਸਿੰਘ, ਡਾ.ਰਾਮ ਪ੍ਰਤਾਪ, ਗੁਰਮੀਤ ਸਿੰਘ ਗਿੰਨਾਂ, ਜਸਵਿੰਦਰ ਸਿੰਘ ਛਿੰਦੀ ਆਦਿ ਵੀ ਹਾਜ਼ਰ ਸਨ।