ਪੰਜਾਬੀ ਯੂਨੀਵਰਸਿਟੀ ਵਿਖੇ ਮੁੜ ਲੀਹ 'ਤੇ ਪਰਤਿਆ ਮਹਾਨ ਕੋਸ਼ ਨੂੰ ਸੋਧਣ ਦਾ ਕਾਰਜ
ਪਟਿਆਲਾ, 4 ਫ਼ਰਵਰੀ 2025 - ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਸਬੰਧੀ ਫ਼ੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਉਪਲਬਧ 1930 ਵਿੱਚ ਛਪੇ ਮਹਾਨ ਕੋਸ਼ ਦੀ ਕਾਪੀ ਨੂੰ ਮੁੱਖ ਸ੍ਰੋਤ ਮੰਨਦਿਆਂ ਇਸੇ ਆਧਾਰ 'ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ। ਪਹਿਲਾਂ ਵੀ ਇਸੇ ਕਾਪੀ ਨੂੰ ਮੁੱਖ ਸ੍ਰੋਤ ਮੰਨਿਆ ਗਿਆ ਸੀ। ਹੁਣ ਵੀ ਇਸੇ ਆਧਾਰ 'ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ।
ਯੂਨੀਵਰਸਿਟੀ ਗੈਸਟ ਹਾਊਸ ਵਿਖੇ ਅੱਜ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਸਬੰਧੀ ਇਕੱਤਰਤਾ ਹੋਈ ਜਿਸ ਵਿੱਚ ਡੀਨ, ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਪ੍ਰੋ. ਜਸਵਿੰਦਰ ਸਿੰਘ ਬਰਾੜ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਡਾ. ਪਰਮਿੰਦਰਜੀਤ ਕੌਰ, ਪ੍ਰਾਜੈਕਟ ਕੋਆਰਡੀਨੇਟਰ ਪ੍ਰੋ. ਧਨਵੰਤ ਕੌਰ ਤੋਂ ਇਲਾਵਾ ਮੇਜਰ ਏ.ਪੀ. ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂ, ਡਾ. ਜੋਗਾ ਸਿੰਘ, ਡਾ. ਓ.ਪੀ. ਵਿਸ਼ਸ਼ਟ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਇਕਬਾਲ ਸਿੰਘ ਗੋਦਾਰਾ, ਪ੍ਰੋ. ਸੁਖਵਿੰਦਰ ਕੌਰ ਬਾਠ (ਆਨਲਾਈਨ ਸ਼ਮੂਲੀਅਤ) ਮੈਂਬਰ ਹਾਜ਼ਰ ਹੋਏ।
ਇਸ ਇਕੱਤਰਤਾ ਵਿੱਚ ਮਹਾਨ ਕੋਸ਼ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮਹਾਨ ਕੋਸ਼ ਦੇ ਹਰ ਪੱਖ ਅਤੇ ਤੱਥ ਨੂੰ ਸਮਝਦਿਆਂ ਹੋਇਆਂ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਸੰਬੰਧੀ ਇਹ ਫ਼ੈਸਲਾ ਲਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਪਏ 1930 ਦੌਰਾਨ ਛਪੇ ਮਹਾਨ ਕੋਸ਼ ਦੀ ਕਾਪੀ ਨੂੰ ਹੀ ਮੁੱਖ ਸ੍ਰੋਤ ਮੰਨਿਆ ਗਿਆ ਸੀ। ਹੁਣ ਵੀ ਇਸੇ ਆਧਾਰ 'ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਛਾਪੀਆਂ ਇਸ ਕੋਸ਼ ਦੀਆਂ ਚਾਰੋਂ ਸੈਂਚੀਆਂ ਨੂੰ ਸੋਧਣ ਦਾ ਕੰਮ ਦੋ ਕਮੇਟੀਆਂ ਨੂੰ ਦਿੱਤਾ ਗਿਆ ਸੀ, ਉਹਨਾਂ ਸੋਧਕਾਂ ਵੱਲੋਂ ਆਪਣਾ ਕੰਮ ਮੁਕੰਮਲ ਕਰਕੇ ਰਿਪੋਰਟਾਂ ਯੂਨੀਵਰਸਿਟੀ ਕੋਲ ਜਮ੍ਹਾਂ ਕਰਵਾ ਦਿੱਤੀਆਂ ਹਨ। ਇਨ੍ਹਾਂ ਕਮੇਟੀਆਂ ਵਿੱਚੋਂ ਪਹਿਲੀ ਕਮੇਟੀ ਵਿੱਚ ਡਾ. ਪਰਮਜੀਤ ਸਿੰਘ ਸਿੱਧੂ, ਡਾ. ਅਜਮੇਰ ਸਿੰਘ, ਅਤੇ ਡਾ. ਉਮਾ ਸੇਠੀ ਸ਼ਾਮਿਲ ਸਨ ਜਦੋਂ ਕਿ ਦੂਜੀ ਕਮੇਟੀ ਵਿੱਚ ਡਾ. ਮਨਮੰਦਰ ਸਿੰਘ, ਡਾ. ਇਕਬਾਲ ਸਿੰਘ ਗੋਦਾਰਾ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਸ਼ਾਮਿਲ ਸਨ।
ਤਾਜ਼ਾ ਇਕੱਤਰਤਾ ਵਿੱਚ ਸ਼ਾਮਲ ਮੈਂਬਰਾਂ ਨੇ ਸੋਧਕਾਂ ਵੱਲੋਂ ਲਾਈਆਂ ਗਈਆਂ ਗ਼ਲਤੀਆਂ ਦੇ ਸੰਕਲਨ ਦੇ ਕੰਮ ਦੀ ਲੋੜ ਮਹਿਸੂਸ ਕੀਤੀ ਗਈ।
ਇਕੱਤਰਤਾ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਮਹਾਨ ਕੋਸ਼ ਵਿੱਚ ਪਾਈਆਂ ਗਈਆਂ ਗ਼ਲਤੀਆਂ ਦਾ ਸੰਕਲਨ ਕਰਨ ਲਈ ਸਰਬਸੰਮਤੀ ਨਾਲ਼ ਚਾਰ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਡਾ. ਪਰਮਿੰਦਰਜੀਤ ਕੌਰ ਮੁਖੀ ਅਤੇ ਕਨਵੀਨਰ ਵਜੋਂ ਭੂਮਿਕਾ ਨਿਭਾਉਣਗੇ ਜਦੋਂ ਕਿ ਡਾ. ਜੋਗਾ ਸਿੰਘ, ਡਾ. ਓ.ਪੀ. ਵਸ਼ਿਸ਼ਟ ਅਤੇ ਡਾ. ਧਨਵੰਤ ਕੌਰ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਹਨ। ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੇਂ-ਸਮੇਂ 'ਤੇ ਇਸ ਕਮੇਟੀ ਨੂੰ ਆਪਣਾ ਸਹਿਯੋਗ ਦਿੰਦਾ ਰਹੇਗਾ। ਸੰਕਲਨ ਦੇ ਕਾਰਜ ਹਿਤ ਨਿਯੁਕਤ ਕੀਤੀ ਗਈ ਕਮੇਟੀ ਬਹੁਤ ਜਲਦ ਆਪਣੀ ਰਿਪੋਰਟ ਪੇਸ਼ ਕਰੇਗੀ।