ਚੰਡੀਗੜ੍ਹ ਆ ਰਹੀ ਫਲਾਇਟ ਦੇ ਦੋਵੇਂ ਇੰਜਣ ਫੇਲ੍ਹ
ਚੰਡੀਗੜ੍ਹ : ਜੈਪੁਰ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-7742 'ਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਹਵਾਈ ਜਹਾਜ਼ ਦੇ ਦੋਵੇਂ ਇੰਜਣ ਭਾਰੀ ਮੀਂਹ ਦੌਰਾਨ ਹਵਾ ਵਿੱਚ ਇੱਕ-ਇੱਕ ਕਰਕੇ ਕੁਝ ਸਕਿੰਟ ਲਈ ਫੇਲ੍ਹ ਹੋ ਗਏ। ਪਹਿਲਾਂ ਇੱਕ ਇੰਜਣ ਦੀ ਕੰਬਸ਼ਨ ਰੁਕ ਗਈ, ਪਰ ਆਟੋ ਇਗਨੀਸ਼ਨ ਸਿਸਟਮ ਨੇ ਤੁਰੰਤ ਇੰਜਣ ਨੂੰ ਦੁਬਾਰਾ ਚਾਲੂ ਕਰ ਦਿੱਤਾ। ਕੁਝ ਸਮੇਂ ਬਾਅਦ, ਦੂਜੇ ਇੰਜਣ ਨਾਲ ਵੀ ਇਹੀ ਘਟਨਾ ਵਾਪਰੀ, ਪਰ ਦੋਵੇਂ ਇੰਜਣ ਇਕੱਠੇ ਫੇਲ੍ਹ ਨਹੀਂ ਹੋਏ। ਪਾਇਲਟ ਨੇ ਹੋਸ਼ਿਆਰੀ ਦਿਖਾਈ ਅਤੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਚੰਡੀਗੜ੍ਹ ਹਵਾਈ ਅੱਡੇ 'ਤੇ ਲੈਂਡ ਕਰਵਾ ਦਿੱਤਾ।
ਜਹਾਜ਼ ਲੈਂਡ ਹੋਣ ਤੋਂ ਬਾਅਦ, ਸਾਰੇ 150 ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਰੂਪ ਵਿੱਚ ਬਾਹਰ ਕੱਢ ਲਿਆ ਗਿਆ। ਜਹਾਜ਼ ਨੂੰ ਹੁਣ ਜਾਂਚ ਲਈ ਗ੍ਰਾਊਂਡ ਕਰ ਦਿੱਤਾ ਗਿਆ ਹੈ। ਡੀਜੀਸੀਏ (DGCA) ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਇੰਜਣ ਨਿਰਮਾਤਾ ਨੂੰ ਵੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇੰਡੀਗੋ ਏਅਰਲਾਈਨਜ਼ ਦੇ ਅਧਿਕਾਰੀਆਂ ਦੇ ਅਨੁਸਾਰ, ਮੌਸਮ ਕਾਰਨ ਇੰਜਣ ਦੀ ਕਾਰਗੁਜ਼ਾਰੀ 'ਚ ਅਚਾਨਕ ਗਿਰਾਵਟ ਆਈ ਸੀ, ਪਰ ਸਾਰੇ ਯਾਤਰੀਆਂ ਨੂੰ ਕੋਈ ਵੱਡੀ ਅਸੁਵਿਧਾ ਮਹਿਸੂਸ ਨਹੀਂ ਹੋਈ।