1989 ਦੇ ਮੁਕਾਬਲੇ 2024 ਚ ਬਾਦਲ ਦਲ ਦੀ ਹਾਲਤ ਕਿਤੇ ਬੇਹਤਰ: ਉਦੋਂ ਇਸ ਦਲ ਦੇ ਸਿਰਫ 1 ਉਮੀਦਵਾਰ ਦੀ ਜ਼ਮਾਨਤ ਬਚੀ ਸੀ
ਗੁਰਪ੍ਰੀਤ ਸਿੰਘ ਮੰਡਿਅਣੀ
ਲੁਧਿਆਣਾ , 13 ਜੂਨ 2024 - ਐਤਕੀਂ ਵਾਲੀ ਲੋਕ ਸਭਾ ਇਲੈਕਸ਼ਨ ਵਿੱਚ ਬਾਦਲ ਅਕਾਲੀ ਦਲ ਦੀ ਕਾਰਗੁਜ਼ਾਰੀ ਨੂੰ ਹੁਣ ਤੱਕ ਦੀ ਸਭ ਤੋਂ ਹੌਲ਼ੀ ਕਾਰਗੁਜ਼ਾਰੀ ਕਿਹਾ ਜਾ ਰਿਹਾ ਹੈ।ਸਾਰੇ ਪੰਜਾਬ ਵਿੱਚ ਇਸ ਵਿੱਚ 1 ਉਮੀਦਵਾਰ ਦੀ ਜਿੱਤ ਤੋਂ ਇਲਾਵਾ ਸਿਰਫ 2 ਅਕਾਲੀ ਹੀ ਆਪਦੀ ਜ਼ਮਾਨਤ ਜ਼ਬਤ ਹੋਣੋਂ ਬਚਾ ਸਕੇ।ਪਰ 1989 ਵਾਲੀ ਲੋਕ ਸਭਾ ਇਲੈਕਸ਼ਨ ਵਿੱਚ ਬਾਦਲ ਅਕਾਲੀ ਦਲ ਦੀ ਕਾਰਗੁਜ਼ਾਰੀ ਇਹਤੋਂ ਵੀ ਡਾਊਨ ਰਹੀ ਸੀ।ਉਦੋਂ ਸਾਰੇ ਪੰਜਾਬ ਵਿੱਚੋਂ ਬਾਦਲ ਅਕਾਲੀ ਦਲ ਦਾ ਸਿਰਫ 1 ਉਮੀਦਵਾਰ ਹੀ ਆਪਦੀ ਜ਼ਮਾਨਤ ਬਚਾਉਣ ਚ ਕਾਮਯਾਬ ਹੋਇਆ ਸੀ ਤੇ ਜਿੱਤਿਆ ਇੱਕ ਵੀ ਨਹੀਂ ਸੀ।ਇੱਥੇ ਸ਼ਰੋਮਣੀ ਅਕਾਲੀ ਦਲ ਨੂੰ ਬਾਦਲ ਅਕਾਲੀ ਦਲ ਤਾਂ ਲਿਖਿਆ ਜਾ ਰਿਹਾ ਹੈ ਕਿਉਂਕਿ ਉਦੋਂ ਵੱਡਾ ਅਕਾਲੀ ਦਲ ਭਾਵੇਂ ਬਾਦਲ-ਟੌਹੜੇ-ਤਲਵੰਡੀ ਵਾਲਾ ਸੀ ਪਰ ਤਕਨੀਕੀ ਤੌਰ 'ਤੇ ਸ਼ਰੋਮਣੀ ਅਕਾਲੀ ਦਲ ਸੁਰਜੀਤ ਸਿੰਘ ਬਰਨਾਲਾ ਦੀ ਭਰਦਾਨਗੀ ਵਾਲੀ ਪਾਰਟੀ ਮੰਨੀ ਹੋਈ ਸੀ ਇਲੈਕਸ਼ਨ ਕਮਿਸ਼ਨ ਕੋਲ।ਬਰਨਾਲੇ ਵਾਲੇ ਦਲ ਕੋਲ ਹੀ ਤੱਕੜੀ ਚੋਣ ਨਿਸ਼ਾਨ ਸੀ ਜਦਕਿ ਬਾਦਲ ਅਕਾਲੀ ਦਲ ਨੂੰ ਤੀਰ ਕਮਾਨ ਚੋਣ ਨਿਸ਼ਾਨ ਮਿਲਿਆ ਸੀ।ਹੁਣ ਅਗਾਂਹ ਜਾ ਕੇ ਮੈਂ ਦੋਵਾਂ ਪਾਰਟੀਆਂ ਦਾ ਨਿਖੇੜਾ ਕਰਨ ਵਾਸਤੇ ਬਾਦਲ ਦਲ ਤੇ ਬਰਨਾਲ਼ਾ ਦਲ ਲਿਖੂੰਗਾ।
ਸੁਰਜੀਤ ਸਿੰਘ ਬਰਨਾਲਾ
ਆਪਦੀ ਜ਼ਮਾਨਤ ਬਚਾ ਸਕਣ ਵਾਲੇ ਬਾਦਲ ਦਲ ਦੇ ਇੱਕੋ ਇੱਕ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਹੀ ਸਨ ਜੋ ਕਿ ਫਿਲੌਰ ਲੋਕ ਹਲਕੇ ਤੋਂ 1 ਲੱਖ 65 ਹਜ਼ਾਰ 468 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਜਦਕਿ ਬਹੁਜਨ ਸਮਾਜ ਪਾਰਟੀ ਦੇ ਹਰਿਭਜਨ ਲਾਖਾ ਨੇ 1 ਲੱਖ 73 ਹਜ਼ਾਰ ਵੋਟਾਂ ਲੈ ਕੇ ਇਹ ਸੀਟ ਜਿੱਤੀ ਸੀ।ਕਾਂਗਰਸ ਦੇ ਸੁੰਦਰ ਸਿੰਘ ਨੂੰ 1 ਲੱਖ 64 ਹਜ਼ਾਰ 637 ਵੋਟਾਂ ਮਿਲੀਆਂ ਸੀਗੀਆਂ।ਇੱਥੋਂ ਸਿਮਰਨਜੀਤ ਸਿੰਘ ਮਾਨ ਵਾਲੇ ਜਾਂ ਖਾੜਕੂ ਧਿਰਾਂ ਵੱਲੋਂ ਹਿਮਾਇਤ ਹਾਸਲ ਕੋਈ ਉਮੀਦਵਾਰ ਖੜਾ ਨਾ ਹੋਣ ਦਾ ਫ਼ਾਇਦਾ ਵੀ ਬਾਦਲ ਦਲ ਨੂੰ ਮਿਲਿਆ ਸੀ।
ਚਰਨਜੀਤ ਸਿੰਘ ਅਟਵਾਲ
ਬਾਦਲ ਦਲ ਦੇ ਜ਼ਮਾਨਤ ਬਚਾਉਣ ਵਾਲੇ ਚਰਨਜੀਤ ਸਿੰਘ ਅਟਵਾਲ ਤੋਂ ਥੱਲੇ ਦੂਜੇ ਨੰਬਰ ਦੀ ਕਾਰਗੁਜ਼ਾਰੀ ਸੁਖਦੇਵ ਸਿੰਘ ਢੀਂਡਸਾ ਦੀ ਰਹੀ। ਸੰਗਰੂਰ ਸੀਟ ਤੋਂ ਸੁਖਦੇਵ ਸਿੰਘ ਢੀਂਡਸਾ ਨੂੰ 67 ਹਜ਼ਾਰ 41 ਵੋਟਾਂ ਮਿਲੀਆਂ ਜੋ ਕੁੱਲ ਵੋਟਾਂ ਦਾ 10.15 ਫੀਸਦ ਬਣਦੀਆਂ ਨੇ। ਇੱਥੋਂ ਪਹਿਲੇ ਨੰਬਰ ਤੇ ਮਾਨ ਦਲ, ਦੂਜੇ ਨੰਬਰ ਤੇ ਸੀ ਪੀ ਐਮ ਦੇ ਚੰਦ ਸਿੰਘ ਚੋਪੜਾ , ਤੀਜੇ ਨੰਬਰ ਤੇ ਕਾਂਗਰਸ ਦੇ ਸੋਮ ਦੱਤ , ਚੌਥੇ ਨੰਬਰ ਤੇ ਬਾਦਲ ਦਲ ਦੇ ਸੁਖਦੇਵ ਸਿੰਘ ਢੀਂਡਸਾ , ਪੰਜਵੇਂ ਨੰਬਰ ਤੇ ਬਰਨਾਲਾ ਦਲ ਦੇ ਤੋਤਾ ਸਿੰਘ ਰਹੇ ਜਿੰਨਾ ਨੂੰ 66 ਹਜ਼ਾਰ 57 ਵੋਟਾਂ ਮਿਲੀਆਂ।
ਹਰਿਭਜਨ ਲਾਖਾ
ਬਾਦਲ ਦਲ ਚੋਂ ਤੀਜੇ ਨੰਬਰ ਦਾ ਮੁਜ਼ਾਹਰਾ ਫਰੀਦਕੋਟ ਸੀਟ ਤੋਂ ਭਾਈ ਸ਼ਮਿੰਦਰ ਸਿੰਘ ਦਾ ਰਿਹਾ ਜਿੰਨਾ ਨੂੰ 52967 ਵੋਟਾਂ ਪੋਲ ਹੋਈਆਂ ਜੋ ਕਿ 8.43 ਫੀਸਦ ਬੈਠਦੀਆਂ ਨੇ।ਸ਼ਮਿੰਦਰ ਸਿੰਘ ਤੋਂ ਥੱਲੇ ਬਾਦਲ ਪਾਰਟੀ ਦੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਇਸ ਤਰਾਂ ਹੈ। ਪਟਿਆਲ਼ਾ ਤੋਂ ਬਲਵੰਤ ਸਿੰਘ ਰਾਮੂਵਾਲੀਆ 51351 ਵੋਟਾਂ 8.13 ਫੀਸਦ। ਬਠਿੰਡੇ ਤੋਂ ਗੁਰਦੇਵ ਸਿੰਘ ਬਾਦਲ 5.88 ਫੀਸਦ 35030 ਵੋਟਾਂ ਲੈ ਕੇ ਚੌਥੇ ਨੰਬਰ ਤੇ ਰਹੇ। ਦੂਜੇ ਨੰਬਰ ਤੇ ਕਾਂਗਰਸ ਦੇ ਗੁਰਦੇਵ ਸਿੰਘ ਗਿੱਲ ਤੀਜੇ ਨੰਬਰ ਤੇ ਸੀ ਪੀ ਆਈ ਦੇ ਮੱਖਣ ਸਿੰਘ , ਪੰਜਵੇਂ ਨੰਬਰ ਤੇ ਅਜ਼ਾਦ ਖੜੇ ਪ੍ਰੀਤਮ ਸਿੰਘ ਰਹੇ। ਬਰਨਾਲਾ ਦਲ ਦੇ ਉਮੀਦਵਾਰ ਤੇਜਾ ਸਿੰਘ ਦਰਦੀ ਨੂੰ 11340 ਯਾਨੀ ਕਿ 1.9 ਵੋਟਾਂ ਮਿਲੀਆਂ ਤੇ ਉਹ ਛੇਵੇਂ ਥਾਂ ਤੇ ਰਹੇ।ਲੁਦੇਹਾਣੇ ਤੋਂ ਜਸਦੇਵ ਸਿੰਘ ਨੂੰ ਜੱਸੋਵਾਲ 25258 ਵੋਟਾਂ ਯਾਨੀ ਕਿ 3.78 ਫੀਸਦ ਵੋਟਾਂ ਹਾਸਲ ਹੋਈਆਂ ।
ਸੁਖਦੇਵ ਸਿੰਘ ਢੀਂਡਸਾ
ਸਿਮਰਨਜੀਤ ਸਿੰਘ ਮਾਨ
ਅੰਮ੍ਰਿਤਸਰ ਤੋਂ ਮਨਜੀਤ ਸਿੰਘ ਕੱਲਕੱਤਾ ਨੂੰ 17958 ਯਾਨੀ 3.1 ਫੀਸਦ ਵੋਟ ਪੋਲ ਹੋਈ।ਗੁਰਦਾਸਪੁਰ ਤੋਂ ਇਸਾਰੇ ਬੀ ਦਾਸ ਨੂੰ 1.79 ਫੀਸਦ 17198 ਵੋਟਾਂ ਮਿਲੀਆਂ ।ਹੁਸ਼ਿਆਰਪੁਰ ਤੋਂ ਬਾਦਲ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਨੂੰ 0.51 ਫੀਸਦ 2811 ਵੋਟਾਂ ਮਿਲੀਆਂ ।ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਸੀਟ ਬਾਦਲ ਦਲ ਨੇ ਆਪਣਾ ਉਮੀਦਵਾਰ ਬਿਠਾ ਕੇ ਜਨਤਾ ਦਲ ਦੇ ਵਿਕਰਮ ਸਿੰਘ ਦੀ ਮੱਦਦ ਕੀਤੀ ਹੋਵੇ ਜੀਹਨੂੰ 8.41 ਫੀਸਦ 46093 ਵੋਟਾਂ ਮਿਲੀਆਂ ।ਇਹਨਾਂ ਸੀਟਾਂ ਤੋਂ ਇਲਾਵਾ ਬਾਦਲ ਦਲ ਨੇ ਜਲੰਧਰ ਤੋਂ ਜੇਤੂ ਰਹੇ ਜਨਤਾ ਦਲ ਦੇ ਇੰਦਰ ਕੁਮਾਰ ਗੁਜਰਾਲ ਦੀ ਹਿਮਾਇਤ ਕੀਤੀ ਸੀ। ਬਾਦਲ ਦਲ ਨੇ ਫਿਰੋਜਪੁਰ ਤੋਂ ਤੀਜੇ ਨੰਬਰ ਤੇ ਰਹੇ ਜਨਤਾ ਦਲ ਦੇ ਚੌਧਰੀ ਦੇਵੀ ਲਾਲ ਦੀ ਹਮਾਇਤ ਕੀਤੀ ਸੀ।
ਬਲਵੰਤ ਸਿੰਘ ਰਾਮੂਵਾਲੀਆ
ਗੁਰਦੇਵ ਸਿੰਘ ਬਾਦਲ
ਮਨਜੀਤ ਸਿੰਘ ਕੱਲਕੱਤਾ
ਗੁਰਪ੍ਰੀਤ ਸਿੰਘ ਮੰਡਿਅਣੀ