ਸਪੀਕਰ ਸੰਧਵਾਂ ਨੇ ਲੋਕ ਫ਼ਤਵੇ ਦਾ ਕੀਤਾ ਸਵਾਗਤ, ਜਮਹੂਰੀਅਤ ਦੀ ਜਿੱਤ ਦੀ ਕੀਤੀ ਸ਼ਲਾਘਾ
ਦੀਪਕ ਗਰਗ
ਚੰਡੀਗੜ੍ਹ, 4 ਜੂਨ 2024- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਲੋਕਸਭਾ ਚੋਣਾਂ- 2024 ਵਿੱਚ ਲੋਕਾਂ ਵੱਲੋਂ ਦਿੱਤੇ ਫਤਵੇ ਦਾ ਸਵਾਗਤ ਕਰਦਿਆਂ ਇਸ ਨੂੰ ਜਮਹੂਰੀ ਕਦਰਾਂ-ਕੀਮਤਾਂ ਦੀ ਜਿੱਤ ਕਰਾਰ ਦਿੱਤਾ।
ਇੱਥੋਂ ਜਾਰੀ ਪ੍ਰੈਸ ਬਿਆਨ 'ਚ ਸੰਧਵਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਦਾ ਸੁਹਿਰਦਤਾ ਨਾਲ ਸੁਆਗਤ ਕਰਦੇ ਹਾਂ। ਇਹ ਜਿੱਤ ਮਹਿਜ਼ ਸਿਆਸੀ ਸਫਲਤਾ ਨਹੀਂ ਸਗੋਂ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਜਿੱਤ ਹੈ ਅਤੇ ਇਸ ਨਾਲ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਨਰੋਆ ਤੇ ਦ੍ਰਿੜ ਹੋਇਆ ਹੈ।
ਸਪੀਕਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਅਸਫਲ ਰਹਿਣ ਵਾਲਿਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਸੰਧਵਾਂ ਨੇ ਕਿਹਾ ਕਿ ਲੋਕਾਂ ਦਾ ਇਹ ਫ਼ਤਵਾ ਲੋਕਤੰਤਰੀ ਪ੍ਰਣਾਲੀ ਵਿੱਚ ਉਨ੍ਹਾਂ ਦੇ ਵਿਸ਼ਵਾਸ ਅਤੇ ਸੁਚੱਜੇ ਸ਼ਾਸਨ ਦੀ ਇੱਛਾ ਦਾ ਪ੍ਰਤੀਕ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਵਿਧਾਨ ਸਭਾ ਲੋਕਾਂ ਦੀ ਭਲਾਈ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਮਿਹਨਤ ਕਰਦੀ ਰਹੇਗੀ।
ਸਪੀਕਰ ਨੇ ਅੱਗੇ ਕਿਹਾ ਕਿ ਮਹਿਜ਼ ਕੋਈ ਸਿਆਸੀ ਜਿੱਤ ਨਹੀਂ ਸਗੋਂ ਪੰਜਾਬ (ਪੰਜਾਬੀਅਤ) ਦੇ ਜਜ਼ਬੇ ਦੀ ਜਿੱਤ ਹੈ। ਇਹ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਇੱਥੋਂ ਦੇ ਲੋਕਾਂ ਦੀ ਰੌਸ਼ਨ-ਦਿਮਾਗੀ ਦਾ ਪ੍ਰਮਾਣ ਹੈ। ਅਸੀਂ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਾਂਗੇ ਅਤੇ ਪੂਰੇ ਸਮਰਪਣ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ।