4 ਜੂਨ ਨੂੰ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ, ਉਮੀਦਵਾਰਾਂ ਦੀਆਂ ਧੜਕਣਾਂ ਹੋਈਆਂ ਤੇਜ਼
ਜਸ਼ਨ ਦੀਆਂ ਤਿਆਰੀਆਂ ਘਰ ਚੜ੍ਹੀਆਂ ਕੜਾਹੀਆਂ ਕਿਸ ਦੇ ਹਿੱਸੇ ਆਵੇਗਾ ਇਹ ਜਿੱਤ ਦਾ ਲੱਡੂ
ਮਨਜੀਤ ਸਿੰਘ ਢੱਲਾ
ਜੈਤੋ, 03 ਜੂਨ - ਪੰਜਾਬ ਸਮੇਤ ਦੇਸ਼ ਭਰ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਨਤੀਜਿਆਂ ਦਾ 4 ਜੂਨ ਨੂੰ ਐਲਾਨ ਹੋਵੇਗਾ।ਇਸ ਦੌਰਾਨ ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ 4 ਜੂਨ ਨੂੰ ਖੁੱਲ੍ਹ ਜਾਵੇਗਾ ਅਤੇ ਜਿੱਤ ਹਾਰ ਨੂੰ ਲੈਕੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਜਿਸ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਉਮੀਦਵਾਰ ਵੱਲੋਂ ਧਾਰਮਿਕ ਸਥਾਨਾਂ ਉੱਪਰ ਜਾ ਕੇ ਆਪਣੀ ਜਿੱਤ ਦੀ ਅਰਦਾਸ ਕਰ ਰਹੇ ਹਨ ਅਤੇ ਜਿੱਤ ਤੇ ਹਾਰ ਨੂੰ ਲੈਕੇ ਸੁਭਾਵਿਕ ਹੀ ਇਨ੍ਹਾਂ ਦਾ ਦਿਲ ਧੱਕ ਧੱਕ ਕਰ ਰਿਹਾ ਹੈ। ਜਿਸ ਦੇ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਜਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ, ਤੇ ਕੁਝ ਉਮੀਦਵਾਰਾਂ ਨੇ ਤਾਂ ਜੈਤੋ ਸ਼ਹਿਰ ਅੰਦਰ ਕੁਝ ਹਲਵਾਈਆਂ ਨੂੰ ਕਹਿ ਲੱਡੂਆ ਦੇ ਆਰਡਰ ਵੀ ਦੇ ਦਿੱਤੇ ਹਨ ਤੇ ਲੱਡੂ ਤਿਆਰ ਹੋ ਰਹੇ ਹਨ।
ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਦੇ ਹਿੱਸੇ ਆਵੇਗਾ ਇਹ ਜਿੱਤ ਦਾ ਲੱਡੂ। 4 ਜੂਨ ਨੂੰ ਕੁਝ ਹੀ ਘੰਟਿਆਂ ਬਾਅਦ ਲੋਕਾਂ ਦੇ ਸਾਹਮਣੇ ਜਿੱਤ /ਹਾਰ ਦੇ ਨਤੀਜੇ ਸਾਹਮਣੇ ਆ ਜਾਣਗੇ ਤੇ ਕਿਸੇ ਨੂੰ ਗਮੀ ਤੇ ਕਿਸੇ ਨੂੰ ਖੁਸ਼ੀ ਨਸ਼ੀਬ ਹੋਵੇਗੀ। ਇਥੇ ਪਾਠਕਾਂ ਨੂੰ ਦੱਸ ਦੇਈਏ ਕਿ ਲੋਕ ਸਭਾ ਹਲਕਾ (ਫਰੀਦਕੋਟ) ਤੋਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਤੇ ਚੋਣ ਮੈਦਾਨ ਵਿਚ ਹਨ, ਜਿਵੇਂ ਕਿ ਆਮ ਆਦਮੀ ਪਾਰਟੀ ਤੋਂ ਕਰਮਜੀਤ ਸਿੰਘ ਅਨਮੋਲ, ਕਾਂਗਰਸ ਪਾਰਟੀ ਤੋਂ ਬੀਬੀ ਅਮਰਜੀਤ ਕੌਰ ਸਾਹੋਕੇ, ਅਕਾਲੀ ਦਲ ਬਾਦਲ ਪਾਰਟੀ ਤੋਂ ਰਾਜਵਿੰਦਰ ਸਿੰਘ ਧਰਮਕੋਟ, ਭਾਜਪਾ ਤੋਂ ਹੰਸ ਰਾਜ ਹੰਸ, ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਵੀ ਚੋਣ ਮੈਦਾਨ ਵਿਚ ਸਰਗਰਮ ਹਨ। ਇਨ੍ਹਾਂ ਵਿਚੋਂ ਇੱਕ ਉਮੀਦਵਾਰ ਦੀ ਝੋਲੀ ਵਿਚ ਜਿੱਤ ਪਵੇਗੀ।