ਫਰੀਦਕੋਟ ਦੀ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਜਾਂ ਹਾਰ ਨਾਲ ਬਦਲਣਗੇ ਸਿਆਸੀ ਸਮੀਕਰਨ?
ਦੀਪਕ ਗਰਗ
ਕੋਟਕਪੂਰਾ 3 ਜੂਨ 2024- ਜਦੋਂ ਵੋਟਾਂ ਦੀ ਗਿਣਤੀ ਹੋਣ ਵਿੱਚ ਕੁੱਝ ਹੀ ਘੰਟੇ ਬਾਕੀ ਹਨ, ਫਰੀਦਕੋਟ ਸੀਟ ਦੇ ਨਤੀਜੇ ਕੀ ਹੋਣਗੇ, ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਓਂਕਿ ਫ਼ਰੀਦਕੋਟ ਲੋਕ ਸਭਾ ਹਲਕਾ (ਰਾਖਵੇਂ) ਤੋਂ ਸਰਬਜੀਤ ਸਿੰਘ ਖ਼ਾਲਸਾ ਵੀ ਆਜ਼ਾਦ ਲੜ ਰਹੇ ਹਨ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਦੀ ਮੌਜੂਦਗੀ ਨੇ ਇਸ ਸੀਟ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਜਾਂ ਹਾਰ ਦਾ ਵੱਡਾ ਸਿਆਸੀ ਪ੍ਰਭਾਵ ਹੋਵੇਗਾ।
ਸਰਬਜੀਤ ਸਿੰਘ ਖ਼ਾਲਸਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਿੱਖਾਂ ਨਾਲ ਜੁੜੇ ਮੁੱਦੇ ਖ਼ਾਸ ਤੌਰ ਉੱਤੇ ਬੇਅਦਬੀ ਦਾ ਮੁੱਦਾ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਸਰਕਾਰਾਂ ਵੱਲੋਂ ਲਾਏ ਲਾਰਿਆਂ ਨੂੰ ਪ੍ਰਮੁੱਖ ਤੌਰ ਉਭਾਰਿਆ ਹੈ। ਇਸ ਦੇ ਨਾਲ ਹੀ ਸਰਬਜੀਤ ਸਿੰਘ ਖ਼ਾਲਸਾ ਨੇ ਆਪਣੇ ਪਿਤਾ ਬੇਅੰਤ ਸਿੰਘ ਦੀ ਗੱਲ ਵੀ ਵੋਟਰਾਂ ਦੇ ਸਾਹਮਣੇ ਰੱਖੀ।
2024 ਆਮ ਚੋਣਾਂ ਮੌਕੇ ਵੋਟਿੰਗ ਵਾਲੇ ਦਿਨ ਸਰਬਜੀਤ ਸਿੰਘ ਖ਼ਾਲਸਾ ਦੇ ਪੱਖ ਵਿੱਚ ਬਣੀ ਲਹਿਰ ਦਾ ਪ੍ਰਭਾਵ ਵੱਡੇ ਪੱਧਰ ਤੇ ਵੇਖਣ ਨੂੰ ਮਿਲ਼ਿਆ। ਕਿਉਂਕਿ ਪੇਂਡੂ ਲੋਕਾਂ ਅਤੇ ਸਿੱਖ ਭਾਈਚਾਰੇ ਵਲੋਂ ਸਰਬਜੀਤ ਦੇ ਹੱਕ ਵਿੱਚ ਵੋਟਿੰਗ ਕਰਨ ਦੀ ਆਮ ਚਰਚਾ ਹੈ। ਸਰਬਜੀਤ ਦਾ ਚੋਣ ਨਿਸ਼ਾਨ ਗੰਨਾ ਹੈ।
ਸਰਬਜੀਤ (45) ਨੇ ਇਸ ਤੋਂ ਪਹਿਲਾਂ 2004 ਵਿਚ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ 1,13,490 ਵੋਟਾਂ ਹਾਸਲ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ 2007 ਵਿਚ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ 15,702 ਵੋਟਾਂ ਹਾਸਲ ਕੀਤੀਆਂ ਸਨ।
ਉਨ੍ਹਾਂ ਦੀ ਮਾਤਾ ਬਿਮਲ ਕੌਰ ਖਾਲਸਾ 1989 ਵਿਚ ਰੋਪੜ ਤੋਂ ਕਰੀਬ 4,24,010 ਵੋਟਾਂ ਲੈ ਕੇ ਸੰਸਦ ਮੈਂਬਰ ਬਣੀ ਸੀ ਅਤੇ ਦਾਦਾ ਸੁੱਚਾ ਸਿੰਘ 1989 ਵਿਚ 3,16,979 ਵੋਟਾਂ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਬਣੇ ਸਨ। ਬਾਰ੍ਹਵੀਂ ਜਮਾਤ ਪਾਸ ਸਰਬਜੀਤ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਨੇੜੇ ਮਲੋਆ ਪਿੰਡ ਦਾ ਰਹਿਣ ਵਾਲਾ ਹੈ।
ਇਸ ਹਲਕੇ ਤੋਂ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਭਾਜਪਾ ਅਤੇ ਅਦਾਕਾਰ-ਗਾਇਕ ਕਰਮਜੀਤ ਅਨਮੋਲ ‘ਆਪ’ ਦੇ ਉਮੀਦਵਾਰ ਹਨ। ਜਦੋਂਕਿ ਕਾਂਗਰਸ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਹਨ।
ਹੁਣ ਵੇਖਣਾ ਹੋਵੇਗਾ ਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਸਰਬਜੀਤ ਸਿੰਘ ਖ਼ਾਲਸਾ ਦੀ ਕੀ ਪੁਜੀਸ਼ਨ ਸਾਹਮਣੇ ਆਉਂਦੀ ਹੈ। ਇਸ ਗੱਲ ਦੇ ਅੰਕੜੇ ਤੇ ਵੀ ਚੋਣ ਨਤੀਜਿਆਂ ਤੋਂ ਬਾਅਦ ਵਿਚਾਰ ਹੋਵੇਂਗਾ ਕਿ ਸਰਬਜੀਤ ਸਿੰਘ ਖ਼ਾਲਸਾ ਦੇ ਫਰੀਦਕੋਟ ਲੋਕ ਸਭਾ ਤੋਂ ਚੋਣ ਮੈਦਾਨ ਵਿਚ ਆਉਣ ਨਾਲ ਕਿਸ ਉਮੀਦਵਾਰ ਦਾ ਕਿੰਨਾ ਨੁਕਸਾਨ ਹੋਇਆ ਹੈ।
ਫਰੀਦਕੋਟ ਵਿੱਚ ਚਾਰ ਤਰ੍ਹਾਂ ਦੀ ਚਰਚਾ ਹੈ। ਹੰਸ ਰਾਜ ਹੰਸ ਨੂੰ ਵੱਡੇ ਪੱਧਰ ਤੇ ਹਿੰਦੂ ਅਤੇ ਕੁੱਝ ਡੇਰਿਆਂ ਦੇ ਪ੍ਰਭਾਵ ਵਾਲੀਆਂ ਵੋਟਾਂ ਮਿਲੀਆਂ ਹਨ। ਕੋਟਕਪੂਰਾ ਦੀ ਪੁਰਾਣੀ ਦਾਨਾ ਮੰਡੀ ਵਿੱਚ 29 ਮਈ ਨੂੰ ਹੋਏ ਬਾਬੇ ਸ਼ਿਆਮ ਦੇ ਜਗਰਾਤੇ ਨੇ ਵੀ ਹੰਸਰਾਜ ਹੰਸ ਦੇ ਵੋਟ ਬੈਂਕ ਵਿਚ ਵਾਧਾ ਕੀਤਾ ਹੈ, ਕਿਓਂਕਿ ਇਸ ਜਗਰਾਤੇ ਦੌਰਾਨ ਕਰੀਬ 5000 ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ ਸੀ ਅਤੇ ਹੰਸ ਰਾਜ ਹੰਸ ਨੇ ਸਟੇਜ ਤੇ ਇਕ ਭਜਨ ਵੀ ਗਾਇਆ ਸੀ।
ਕਰਮਜੀਤ ਅਨਮੋਲ ਨੂੰ ਸੁਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ 8 ਵਿਧਾਨ ਸਭਾਵਾਂ ਵਿਚ ਆਪ ਦੇ ਵਿਧਾਇਕ ਹੋਣ ਦਾ ਫ਼ਾਇਦਾ ਮਿਲ਼ਿਆ ਹੈ। ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਇਸ ਗੱਲ ਦੇ ਪ੍ਰਚਾਰ ਫ਼ਾਇਦਾ ਮਿਲ਼ਿਆ ਹੈ ਕਿ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਰਾਹੁਲ ਗਾਂਧੀ ਹੀ ਅਗਲੇ ਪ੍ਰਧਾਨ ਮੰਤਰੀ ਹੋਣਗੇ। ਸੂਬੇ ਅੰਦਰ ਸੱਤਧਾਰੀ ਪਾਰਟੀ ਦੀ ਕੋਈ ਲਹਿਰ ਨਹੀਂ ਸਗੋਂ ਲੋਕ ਸੱਤਧਾਰੀ ਪਾਰਟੀ ਦੀ ਕਾਰਗੁਜਾਰੀ ਤੋਂ ਖ਼ੁਸ਼ ਨਹੀਂ ਜਾਪਦੇ। ਇਨ੍ਹਾਂ ਵਿਚੋਂ ਕਿਸ ਫੈਕਟਰ ਨੇ ਕਿੰਨਾ ਪ੍ਰਭਾਵ ਪਾਇਆ ਹੈ ਇਹ ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇਂ ਆਵੇਗਾ। ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਵਲੋਂ ਵੀ ਜਿੱਤ ਦੇ ਦਾਅਵੇ ਕੀਤੇ ਗਏ ਹਨ।