ਬਿਨ੍ਹਾਂ ਨਾਂ ਲਏ ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ, ਆਰਐਸਐਸ ਮੁਖੀ ਮੋਹਨ ਭਾਗਵਤ ਨੇ
ਨਵੀਂ ਦਿੱਲੀ, 11 ਜੂਨ 2024-ਚੋਣਾਂ ਦੇ ਨਤੀਜਿਆਂ 'ਤੇ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ 'ਸੱਚਾ ਸੇਵਕ ਕਦੇ ਹੰਕਾਰੀ ਨਹੀਂ ਹੁੰਦਾ... ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੰਮ ਕਰਦਾ ਹੈ।
ਮੋਹਨ ਭਾਗਵਤ ਨੇ ਕਿਹਾ ਕਿ ਮਣੀਪੁਰ ਪਿਛਲੇ ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਹੈ। ਪਿਛਲੇ 10 ਸਾਲਾਂ ਤੋਂ ਸੂਬੇ ਵਿੱਚ ਸ਼ਾਂਤੀ ਸੀ ਪਰ ਅਚਾਨਕ ਉੱਥੇ ਬੰਦੂਕ ਕਲਚਰ ਵਧ ਗਿਆ ਹੈ। ਇਸ ਦੌਰਾਨ ਮੋਹਨ ਭਾਗਵ ਨੇ ਚੋਣਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਮੁਕਾਬਲਾ ਜ਼ਰੂਰੀ ਹੈ ਪਰ ਮੁਕਾਬਲਾ ਝੂਠ ’ਤੇ ਆਧਾਰਿਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੰਘ ਚੋਣ ਨਤੀਜਿਆਂ ਦੇ ਵਿਸ਼ਲੇਸ਼ਣ 'ਚ ਨਾ ਪਵੇ। ਚੋਣਾਂ ਖਤਮ ਹੋਣ ਤੋਂ ਬਾਅਦ ਬਾਹਰ ਦਾ ਮਾਹੌਲ ਵੱਖਰਾ ਹੈ। ਨਵੀਂ ਸਰਕਾਰ ਵੀ ਬਣੀ ਹੈ। ਸਭ ਕੁਝ ਜਨਤਾ ਵੱਲੋਂ ਦਿੱਤੇ ਫ਼ਤਵੇ ਅਨੁਸਾਰ ਹੋਵੇਗਾ।
ਭਾਗਵਤ ਨੇ ਸੋਮਵਾਰ ਨੂੰ ਨਾਗਪੁਰ 'ਚ ਸੰਘ ਦੇ ਕਾਰਜਕਰਤਾ ਵਿਕਾਸ ਵਰਗ ਦੀ ਸਮਾਪਤੀ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਚੋਣ ਨਤੀਜਿਆਂ ਅਤੇ ਸਿਆਸੀ ਪਾਰਟੀਆਂ ਦੇ ਰਵੱਈਏ ਬਾਰੇ ਗੱਲਬਾਤ ਕੀਤੀ। ਭਾਗਵਤ ਨੇ ਕਿਹਾ ਕਿ ਸੰਸਦ 'ਚ ਜਾਣ ਲਈ ਵੱਖ-ਵੱਖ ਮੁੱਦਿਆਂ 'ਤੇ ਸਹਿਮਤੀ ਬਣਾਉਣੀ ਜ਼ਰੂਰੀ ਹੈ। ਸਾਡੀ ਪਰੰਪਰਾ ਸਹਿਮਤੀ ਬਣਾਉਣ ਦੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਸਖ਼ਤ ਮੁਕਾਬਲੇ ਤੋਂ ਬਾਅਦ ਇਸ ਦਿਸ਼ਾ ਵਿੱਚ ਅੱਗੇ ਵਧਣ ਵਾਲਿਆਂ ਵਿੱਚ ਸਹਿਮਤੀ ਬਣਾਉਣਾ ਮੁਸ਼ਕਲ ਹੈ। ਪੂਰਾ ਮੁਕਾਬਲਾ ਬਹੁਮਤ ਲਈ ਹੈ। ਹੁਣੇ-ਹੁਣੇ ਇੱਥੇ ਚੋਣਾਂ ਇਸ ਤਰ੍ਹਾਂ ਲੜੀਆਂ ਗਈਆਂ ਹਨ ਜਿਵੇਂ ਕੋਈ ਜੰਗ ਹੋਵੇ। ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਉਸ ਨਾਲ ਸਮਾਜ ਵਿੱਚ ਸਮਾਜਿਕ ਅਤੇ ਮਾਨਸਿਕ ਦਰਾਰਾਂ ਵਧਣਗੀਆਂ।
ਮੋਹਨ ਭਾਗਵਤ ਨੇ ਕਿਹਾ ਕਿ ਆਰਐਸਐਸ ਵਰਗੀ ਸੰਸਥਾ ਨੂੰ ਚੋਣਾਂ ਦੌਰਾਨ ਬੇਲੋੜਾ ਸ਼ਾਮਲ ਕੀਤਾ ਗਿਆ ਸੀ। ਤਕਨੀਕ ਦੀ ਵਰਤੋਂ ਕਰਕੇ ਝੂਠ ਫੈਲਾਇਆ ਗਿਆ। ਕੀ ਟੈਕਨਾਲੋਜੀ ਅਤੇ ਗਿਆਨ ਦਾ ਅਰਥ ਇੱਕੋ ਹੀ ਹੈ? ਉਨ੍ਹਾਂ ਕਿਹਾ ਕਿ ਕੰਮ ਕਰੋ ਪਰ ਹੰਕਾਰ ਨਾ ਕਰੋ। NDA ਨੇ 10 ਸਾਲ ਚੰਗੇ ਕੰਮ ਕੀਤੇ ਪਰ ਕਈ ਚੁਣੌਤੀਆਂ ਅਜੇ ਵੀ ਬਾਕੀ ਹਨ। ਚੋਣਾਂ ਵਿੱਚ ਜੋ ਵੀ ਹੋਇਆ ਉਹ ਜਨਤਾ ਦਾ ਦਿੱਤਾ ਫੈਸਲਾ ਹੈ, ਸੰਘ ਸਿਰਫ ਜਨਤਾ ਨੂੰ ਜਗਾਉਣ ਦਾ ਕੰਮ ਕਰਦਾ ਹੈ। ਇਸ ਤੋਂ ਵੱਧ ਸੰਘ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਭਾਗਵਤ ਨੇ ਕਿਹਾ ਕਿ ਸਾਨੂੰ ਉਨ੍ਹਾਂ ਪਾਪਾਂ ਨੂੰ ਸਾਫ਼ ਕਰਨਾ ਹੋਵੇਗਾ ਜੋ ਅਸੀਂ ਹਜ਼ਾਰਾਂ ਸਾਲਾਂ ਤੋਂ ਕੀਤੇ ਹਨ। ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ। ਅਸੀਂ ਹੀ ਸਹੀ ਹਾਂ ਬਾਕੀ ਸਾਰੇ ਗਲਤ, ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਨੂੰ ਠੀਕ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਚਾਰ ਅਧਿਆਤਮਿਕ ਨਹੀਂ ਹੈ। ਵਿਚਾਰਧਾਰਾਵਾਂ ਵਿੱਚ ਮੌਜੂਦ ਅਧਿਆਤਮਿਕਤਾ ਨੂੰ ਪਕੜਨਾ ਪਵੇਗਾ। ਸਾਨੂੰ ਪੈਗੰਬਰ ਦੇ ਇਸਲਾਮ ਅਤੇ ਈਸਾ ਮਸੀਹ ਦੀ ਈਸਾਈਅਤ ਨੂੰ ਸਮਝਣਾ ਹੋਵੇਗਾ। ਰੱਬ ਨੇ ਸਾਰਿਆਂ ਨੂੰ ਬਣਾਇਆ ਹੈ।