ਪਟਿਆਲਾ: ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਤਿਆਰੀਆਂ ਮੁਕੰਮਲ ਸ਼ੌਕਤ ਅਹਿਮਦ ਪਰੇ
- ਕਿਹਾ, ਗਿਣਤੀ ਕੇਂਦਰਾਂ ਵਿਖੇ ਸੁਪਰਵਾਈਜ਼ਰ, ਮਾਈਕਰੋ ਅਬਜ਼ਰਵਰ, ਸਹਾਇਕ ਤੇ ਤਕਨੀਕੀ ਅਮਲਾ ਤਾਇਨਾਤ
- ਈ.ਵੀ.ਐਮਜ਼ ਸਟਰੌਂਗ ਰੂਮਾਂ ਵਿਖੇ ਸਖ਼ਤ ਪਹਿਰੇ ਹੇਠ ਸੁਰੱਖਿਅਤ
ਪਟਿਆਲਾ, 2 ਜੂਨ 2024 - ਲੋਕ ਸਭਾ ਹਲਕਾ ਪਟਿਆਲਾ-13 ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਕਰਵਾਈ ਜਾਣ ਵਾਲੀ ਗਿਣਤੀ ਲਈ 9 ਵਿਧਾਨ ਸਭਾ ਹਲਕਿਆਂ ਦੇ ਬਣਾਏ ਗਏ ਗਿਣਤੀ ਕੇਂਦਰਾਂ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵੋਟਾਂ ਦੀ ਇਹ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਵਜੋਂ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 'ਡਰਾਈ ਰਨ' ਕਰਕੇ ਤਿਆਰੀਆਂ ਵਜੋਂ ਸਾਫ਼ਟਵੇਅਰ ਅਤੇ ਸਰਵਰ ਅਪਲੋਡਿੰਗ ਨੂੰ ਜਾਂਚ ਲਿਆ ਗਿਆ ਹੈ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹਰ ਗਿਣਤੀ ਕੇਂਦਰ ਵਿਖੇ ਇੱਕ ਗਿਣਤੀ ਸੁਪਰਵਾਈਜ਼ਰ, ਮਾਈਕਰੋ ਅਬਜ਼ਰਵਰ ਅਤੇ ਸਹਾਇਕ ਸਮੇਤ ਹੋਰ ਤਕਨੀਕੀ ਅਮਲਾ ਤਾਇਨਾਤ ਕੀਤਾ ਗਿਆ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਸਿਬਨ ਸੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮੁੱਚੀਆਂ ਤਿਆਰੀਆਂ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਹਰੇਕ ਹਲਕੇ 'ਚ ਰਾਊਂਡ ਵਾਈਜ ਗਿਣਤੀ ਲਈ 14-14 ਟੇਬਲ ਲੱਗਣਗੇ।
ਉਨ੍ਹਾਂ ਦੱਸਿਆ ਕਿ ਗਿਣਤੀ ਪ੍ਰਕ੍ਰਿਆ ਨੂੰ ਨਿਰਵਿਘਨ ਮੁਕੰਮਲ ਕਰਨ ਲਈ 580 ਗਿਣਤੀ ਅਮਲੇ ਦੀ ਡਿਊਟੀ ਲਗਾਈ ਗਈ ਹੈ ਜਦਕਿ ਪੋਸਟਲ ਬੈਲੇਟ ਪੇਪਰਜ ਦੀ ਗਿਣਤੀ ਲਈ 60 ਜਣਿਆਂ ਦੇ ਸਟਾਫ਼ ਨੂੰ ਵੱਖਰੇ ਤੌਰ 'ਤੇ ਥਾਪਰ ਯੂਨੀਵਰਸਿਟੀ ਵਿਖੇ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿਖੇ ਵੋਟਾਂ ਦੀ ਗਿਣਤੀ ਦੌਰਾਨ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਗਿਣਤੀ ਲਈ ਨਿਗਰਾਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ। ਗਿਣਤੀ ਕੇਂਦਰਾਂ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਦੀ ਸਮੁੱਚੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨ ਲਈ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਮੁੱਖ ਮੀਡੀਆ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੇ ਸਾਰੇ ਹਲਕਿਆਂ ਦੀ ਸਾਂਝੀ ਜਾਣਕਾਰੀ ਮੀਡੀਆ ਨੂੰ ਪ੍ਰਦਾਨ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 109-ਨਾਭਾ ਹਲਕੇ ਦੀਆਂ ਈ.ਵੀ.ਐਮਜ ਸਰਕਾਰੀ ਆਈ.ਟੀ.ਆਈ. ਲੜਕੇ ਪਟਿਆਲਾ ਦੇ ਸਟਰੌਂਗ ਰੂਮ ਵਿਖੇ ਰੱਖੀਆਂ ਗਈਆਂ ਹਨ ਤੇ ਇਨ੍ਹਾਂ ਦੀ ਗਿਣਤੀ ਇੱਥੇ ਹੀ ਇਮਤਿਹਾਨ ਹਾਲ 'ਚ ਏ.ਆਰ.ਓ. ਤਰਸੇਮ ਚੰਦ ਦੀ ਦੇਖ ਰੇਖ ਹੇਠ ਹੋਵੇਗੀ। ਜਦੋਂਕਿ 110-ਪਟਿਆਲਾ ਦਿਹਾਤੀ ਦੀਆਂ ਈ.ਵੀ.ਐਮਜ਼ ਥਾਪਰ ਯੂਨੀਵਰਸਿਟੀ ਵਿਖੇ ਰੱਖੀਆਂ ਹਨ, ਇੱਥੇ ਵੋਟਾਂ ਦੀ ਗਿਣਤੀ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਤੇ 115-ਪਟਿਆਲਾ ਸ਼ਹਿਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਏ.ਆਰ.ਓ. ਅਰਵਿੰਦ ਕੁਮਾਰ ਦੀ ਨਿਗਰਾਨੀ ਹੇਠ ਹੋਵੇਗੀ।
ਹਲਕਾ 114-ਸਨੌਰ ਦੀਆਂ ਈ.ਵੀ.ਐਮਜ. ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਐਸ.ਐਸ.ਟੀ. ਨਗਰ ਵਿਖੇ ਰੱਖੀਆਂ ਗਈਆਂ ਹਨ ਤੇ ਵੋਟਾਂ ਦੀ ਗਿਣਤੀ ਵੀ ਇੱਥੇ ਹੀ ਏ.ਆਰ.ਓ. ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਹੋਵੇਗੀ।
ਇਸੇ ਤਰ੍ਹਾਂ 111-ਰਾਜਪੁਰਾ, 112-ਡੇਰਾਬਸੀ ਤੇ 113-ਘਨੌਰ ਹਲਕਿਆਂ ਦੇ ਸਟਰਾਂਗ ਰੂਮ ਪੰਜਾਬੀ ਯੂਨੀਵਰਸਿਟੀ ਵਿਖੇ ਬਣਾਏ ਗਏ ਸਨ, ਇਨ੍ਹਾਂ ਵਿੱਚੋਂ ਡੇਰਾਬਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਅਤੇ ਰਾਜਪੁਰਾ ਤੇ ਘਨੌਰ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਵਿਖੇ ਹੋਵੋਗੀ। ਇਥੇ ਕ੍ਰਮਵਾਰ ਏ.ਆਰ.ਓ. ਜਸਲੀਨ ਕੌਰ ਭੁੱਲਰ, ਹਿਮਾਂਸ਼ੂ ਗਰਗ ਤੇ ਕੰਨੂ ਗਰਗ ਨਿਗਰਾਨੀ ਕਰਨਗੇ। ਜਦੋਂਕਿ 116-ਸਮਾਣਾ ਅਤੇ 117-ਸ਼ੁਤਰਾਣਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੋਲੋ ਗਰਾਊਂਡ ਦੇ ਸਪੋਰਟਸ ਕੰਪਲੈਕਸ ਵਿਖੇ ਜਿਮਨੇਜੀਅਮ ਹਾਲ 'ਚ ਐਸ.ਡੀ.ਐਮ. ਰਿਚਾ ਗੋਇਲ ਤੇ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਵੇਗੀ।