ਸਨੀ ਦਿਓਲ ਦੀ ਬੇਰੁਖੀ ਭੁੱਲ ਗਏ ਲੋਕ ਰਾਮ ਮੰਦਿਰ ਨਿਰਮਾਣ ਰਿਹਾ ਹਾਵੀ
- ਜਾਣੋ ਕਿਸ ਵਿਧਾਨਸਭਾ ਹਲਕੇ ਵਿੱਚ ਕੌਣ ਰਹੇਗਾ ਅੱਗੇ
ਰੋਹਿਤ ਗੁਪਤਾ
ਗੁਰਦਾਸਪੁਰ 2 ਜੂਨ 2024 - ਉਮੀਦਵਾਰਾਂ ਦਾ ਭਵਿੱਖ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਗਿਣਤੀ ਨੂੰ 48 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ । ਇਹ ਫੈਸਲਾਂ ਤਾਂ ਚਾਰ ਜੂਨ ਨੂੰ ਹੀ ਹੋਵੇਗਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਸੀਟ ਤੇ ਕਿਹੜੀ ਪਾਰਟੀ ਦਾ ਉਮੀਦਵਾਰ ਜੇਤੂ ਰਹੇਗਾ ਪਰ ਵੋਟ ਪੋਲਿੰਗ ਦੇ ਹਿਸਾਬ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਰੁਝਾਨ ਦੀ ਗੱਲ ਕਰੀਏ ਤਾਂ ਸ਼ਹਿਰੀ ਇਲਾਕਿਆਂ ਵਿੱਚ ਭਾਜਪਾ ਆਪਣੀ ਮਜਬੂਤ ਪਕੜ ਬਣਾਉਣ ਵਿੱਚ ਕਾਮਯਾਬ ਰਹੀ ਹੈ। ਜਦ ਕਿ ਪੇਂਡੂ ਇਲਾਕਿਆਂ ਦਾ ਵੋਟ ਬੈਂਕ ਕਾਂਗਰਸ, ਪਾਰਟੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਵੰਡਿਆ ਗਿਆ ਹੈ।
ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ 2019 'ਚ 68.96 ਫੀਸਦੀ ਵੋਟ ਪੋਲ ਹੋਈ ਸੀ ਪਰ ਇਸ ਵਾਰ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 64.35 ਫੀਸਦੀ ਵੋਟ ਪੋਲ ਹੋਏ ਹਨ। ਵੋਟਰਾਂ ਦੀ ਕੁੱਲ ਗਿਣਤੀ 172673 ਸੀ। ਇਸ ਹਿਸਾਬ ਨਾਲ ਕੁੱਲ 1 ਲੱਖ 12 ਹਜਾਰ ਦੇ ਕਰੀਬ ਵੋਟ ਪੋਲ ਹੋਏ ਹਨ ਜੋ ਚਾਰ ਹਿੱਸਿਆਂ ਵਿੱਚ ਵੰਡੇ ਜਾਣਗੇ। ਕਾਂਗਰਸ ਦੀ ਸਥਿਤੀ ਮਜਬੂਤ ਹੈ ਪਰ ਵੋਟ ਪ੍ਰਤੀਸ਼ਤ ਘੱਟ ਹੋਣ ਅਤੇ ਰਾਮ ਮੰਦਿਰ ਨਿਰਮਾਣ ਕਾਰਨ ਕਾਂਗਰਸ ਦੇ ਵੋਟ ਬੈਂਕ ਨੂੰ ਕਾਫੀ ਨੁਕਸਾਨ ਪਹੁੰਚੇਗਾ ਅਤੇ ਭਾਜਪਾ ਦਾ ਵੋਟ ਬੈਂਕ ਕਾਫੀ ਹੱਦ ਤੱਕ ਮਜਬੂਤ ਹੋਣ ਦੇ ਆਸਾਰ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਪਹਿਲਾ ਨਾਲੋਂ ਵੱਧਦਾ ਦਿਖਾਈ ਦੇ ਰਿਹਾ ਹੈ ਪਰ ਹਲਕੇ ਵਿੱਚੋਂ ਲੀਡ ਲੈਣ ਦੀ ਸਥਿਤੀ ਵਿੱਚ ਆਪ ਨਜ਼ਰ ਨਹੀਂ ਆ ਰਹੀ। ਕੁਲ ਮਿਲਾ ਕੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਕਾਂਗਰਸ ਪਾਰਟੀ ਅਤੇ ਭਾਜਪਾ ਦਰਮਿਆਨ ਮੁਕਾਬਲਾ ਰਹੇਗਾ।
ਵਿਧਾਨ ਸਭਾ ਹਲਕਾ ਬਟਾਲਾ ਵਿੱਚ ਇਸ ਵਾਰ 59.82 ਫ਼ੀਸਦੀ ਵੋਟ ਪੋਲ ਹੋਈ ਹੈ ਜਦਕਿ 2019 ਵਿੱਚ ਇਹ 64.08% ਸੀ । ਆਮ ਆਦਮੀ ਪਾਰਟੀ ਦੇ ਉਮੀਦਵਾਰ ਸੈ਼ਰੀ ਕਲਸੀ ਵਲੋਂ ਬਟਾਲਾ ਦੇ ਵਿਧਾਇਕ ਹੋਣ ਦੇ ਨਾਤੇ ਦੋ ਸਾਲਾਂ ਵਿੱਚ ਕੀਤੇ ਗਏ ਕੰਮ ਮਾਇਨੇ ਰੱਖਦੇ ਹਨ ਤਾਂ ਭਾਜਪਾ ਦੇ ਵੋਟ ਬੈਂਕ ਨੂੰ ਰਾਮ ਮੰਦਿਰ ਨਿਰਮਾਨ ਮਜ਼ਬੂਤ ਕਰੇਗਾ। ਕਾਂਗਰਸ ਦਾ ਵੀ ਇਲਾਕੇ ਵਿੱਚ ਮਜਬੂਤ ਆਧਾਰ ਹੈ ਅਤੇ ਅਕਾਲੀ ਦਲ ਦਾ ਵੀ ਆਪਣਾ ਪੱਕਾ ਵੋਟ ਬੈਂਕ ਹੈ ਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਆਪ ਦੇ ਵਿਚਕਾਰ ਹੀ ਨਜ਼ਰ ਆ ਰਿਹਾ ਹੈ।
ਡੇਰਾ ਬਾਬਾ ਨਾਨਕ: 2019 ਵਿੱਚ 69.90 ਫ਼ੀਸਦੀ ਅਤੇ 2024 ਵਿੱਚ 65.3 ਫ਼ੀਸਦੀ ਪੋਲਿੰਗ ਹੋਈ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਹਲਕੇ ਦੇ ਵਿਧਾਇਕ ਵੀ ਹਨ। ਜਾਹਰ ਤੌਰ ਤੇ ਇਲਾਕੇ ਵਿੱਚ ਉਹਨਾਂ ਦਾ ਮਜਬੂਤ ਆਧਾਰ ਹੈ ਪਰ ਵੋਟ ਪ੍ਰਤੀਸ਼ਤ ਘਟਣ ਦਾ ਨੁਕਸਾਨ ਕਾਂਗਰਸ ਨੂੰ ਹੀ ਜਿਆਦਾ ਹੋਵੇਗਾ।ਅਕਾਲੀ ਦਲ ਨੂੰ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਰਵੀਕਰਨ ਕਾਹਲੋਂ ਨੁਕਸਾਨ ਪਹੁੰਚਾਉਣਗੇ। ਆਪ ਵੋਟ ਬੈਂਕ ਵਧਾਉਣ ਵਿੱਚ ਕਾਮਯਾਬ ਰਹੇਗੀ ਜਦਕਿ ਭਾਜਪਾ ਨੂੰ ਰਵੀਕਰਨ ਕਾਹਲੋਂ ਵੱਲੋਂ ਪਵਾਈਆਂ ਗਈਆਂ ਵੋਟਾਂ ਦਾ ਫਾਇਦਾ ਹੋਵੇਗਾ।
ਫਤਿਹਗੜ੍ਹ ਚੂੜੀਆਂ ਵਿੱਚ 2019 ਵਿੱਚ 68.82 ਪ੍ਰਤੀਸ਼ਤ ਅਤੇ ਇਸ ਵਾਰ 65.67 ਫ਼ੀਸਦੀ ਵੋਟ ਪੋਲ ਹੋਈ ਹੈ। ਕਾਂਗਰਸ ਅਤੇ ਆਪ ਮਜਬੂਤ ਸਥਿਤੀ ਵਿੱਚ ਹਨ ਅਤੇ ਮੁੱਖ ਮੁਕਾਬਲਾ ਵੀ ਆਪ ਅਤੇ ਕਾਂਗਰਸ ਵਿਚਾਲੇ ਹੀ ਰਹੇਗਾ। ਅਕਾਲੀ ਦਲ ਦਾ ਵੀ ਇਲਾਕੇ ਵਿੱਚ ਆਪਣਾ੍ਰਵੋਟ ਬੈਂਕ ਹੈ ਪਰ ਭਾਜਪਾ ਦਾ ਇਲਾਕੇ ਵਿੱਚ ਪ੍ਰਭਾਵ ਬਹੁਤ ਘੱਟ ਹੈ।
ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਇਸ ਵਾਰ 65.33 ਫ਼ੀਸਦੀ ਵੋਟ ਪੋਲ ਹੋਈ ਹੈ ਜੋ ਪਿਛਲੀ ਵਾਰ ਦੇ ਲਗਭਗ ਬਰਾਬਰ ਹੀ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਕਾਰਨ ਇਲਾਕੇ ਵਿੱਚ ਕਾਂਗਰਸ ਦਾ ਮਜਬੂਤ ਅਧਾਰ ਹੈ। ਅਕਾਲੀ ਦਲ ਨਾਲ ਜੁੜਿਆ ਮਾਹਲ ਪਰਿਵਾਰ ਵੀ ਇਲਾਕੇ ਵਿੱਚ ਚੰਗਾ ਆਧਾਰ ਰੱਖਦਾ ਹੈ, ਜਗਰੂਪ ਸੇਖਵਾਂ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਮਿਹਨਤ ਕੀਤੀ ਅਤੇ ਤਿੰਨੋ ਪਾਰਟੀਆਂ ਵਿੱਚ ਵੱਧ ਤੋਂ ਵੱਧ ਵੋਟਾਂ ਹਾਸਲ ਕਰਨ ਦੀ ਹੋੜ ਲੱਗੀ ਹੋਈ ਸੀ ।ਇੱਥੇ ਵੀ ਬੇਸ਼ਕ ਭਾਜਪਾ ਕਿਸੇ ਮੁਕਾਬਲੇ ਵਿੱਚ ਨਾ ਹੋਵੇ ਪਰ ਸਭ ਤੋਂ ਵੱਧ ਫਾਇਦੇ ਵਿੱਚ ਭਾਜਪਾ ਹੀ ਰਹੇਗੀ।
ਦੀਨਾਨਗਰ ਵਿਧਾਨ ਸਭਾ ਹਲਕੇ ਵਿੱਚ 2019 ਵਿੱਚ 69.10 ਫ਼ੀਸਦੀ ਵੋਟ ਪੋਲ ਹੋਈ ਸੀ ਪਰ ਇਸ ਵਾਰ 66 ਫ਼ੀਸਦੀ। ਵੋਟਿੰਗ ਰੁਝਾਨ ਅਨੁਸਾਰ ਭਾਜਪਾ ਦੀ ਸਥਿਤੀ ਪਹਿਲਾਂ ਨਾਲੋਂ ਮਜਬੂਤ ਨਜ਼ਰ ਆ ਰਹੀ ਹੈ। ਵਿਧਾਇਕਾ ਅਰੁਨਾ ਚੌਧਰੀ ਦਾ ਵੀ ਹਲਕੇ ਵਿੱਚ ਮਜਬੂਤ ਆਧਾਰ ਹੈ ਅਤੇ ਕਾਂਗਰਸ ਲੀਡ ਲੈਣ ਦੀ ਸਥਿਤੀ ਵਿੱਚ ਹੈ ਪਰ ਵੋਟ ਪ੍ਰਤੀਸ਼ਤ ਦੇ ਹਿਸਾਬ ਨਾਲ ਭਾਜਪਾ ਦਾ ਵੋਟ ਬੈਂਕ ਵੀ ਪਹਿਲਾਂ ਨਾਲੋ ਕਾਫੀ ਵੱਧਦਾ ਨਜ਼ਰ ਆ ਰਿਹਾ ਹੈ ਅਤੇ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ ਆਪ ਦਾ ਵੋਟ ਬੈਂਕ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀਆਂ ਵੋਟਾਂ ਦੇ ਲਗਭਗ ਬਰਾਬਰ ਖੜਾ ਹੀ ਨਜ਼ਰ ਆ ਰਿਹਾ ਹੈ।
ਪਠਾਨਕੋਟ ਹਲਕੇ 2019 ਵਿੱਚ 74.63 ਪ੍ਰਤੀਸ਼ਤ ਅਤੇ 2024 ਵਿੱਚ 70.16ਫੀਸਦੀ ਵੋਟ ਪੋਲ ਹੋਏ ਹਨ। ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਇਥੋਂ 2022 ਦੀਆਂ ਚੋਣਾਂ ਵਿਧਾਨ ਸਭਾ ਚੋਣਾਂ ਜਿੱਤਦੇ ਸਨ। ਜਾਹਰ ਤੌਰ ਤੇ ਭਾਜਪਾ ਇਥੋਂ ਲੀਡ ਲੈਣ ਦੀ ਸਥਿਤੀ ਵਿੱਚ ਹੈ। ਕਾਂਗਰਸ ਦੀ ਵੀ ਇਲਾਕੇ ਵਿੱਚ ਮਜਬੂਤ ਪਕੜ ਹੈ ਜਦਕਿ ਆਮ ਆਦਮੀ ਪਾਰਟੀ ਵੀ ਵੋਟ ਬੈਂਕ ਬਣਾਉਣ ਵਿੱਚ ਕਾਮਯਾਬ ਰਹੀ ਹੈ। ਅਕਾਲੀ ਦਲ ਦੀ ਖਾਸ ਹੋਂਦ ਨਹੀਂ ਹੈ।
ਭੋਆ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਇਲਾਕਾ ਹੈ। ਸਰਕਾਰ ਵਿੱਚ ਮੰਤਰੀ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਹਲਕੇ ਵਿੱਚੋਂ ਲੀਡ ਦੀ ਪੂਰੀ ਉਮੀਦ ਲਗਾਏ ਬੈਠੀ ਹੈ। ਇੱਥੇ 2019 ਵਿੱਚ 72.26 ਫੀਸਦੀ ਅਤੇ 2024 ਵਿੱਚ 71.21 ਫੀਸਦੀ ਵੋਟਿੰਗ ਹੋਈ ਹੈ। ਕਾਂਗਰਸ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਹੈ।'ਆਪ' ਨੂੰ ਨੁਕਸਾਨ ਹੋ ਸਕਦਾ ਹੈ ਜਦਕਿ ਭਾਜਪਾ ਵੀ ਆਪਣਾ ਵੋਟ ਬੈਂਕ ਵਧਾਉਣ ਵਿੱਚ ਕਾਮਯਾਬ ਰਹੇਗੀ।
ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹਲਕੇ ਸੁਜਾਨਪੁਰ ਵਿਚ 2019 ਵਿੱਚ 73.91 ਪ੍ਰਤੀਸ਼ਤ ਅਤੇ ਇਸ ਵਾਰ 73.71 ਫੀਸਦੀ ਪੋਲਿੰਗ ਹੋਈ ਹੈ। ਇੱਥੇ ਵੋਟਿੰਗ ਦੌਰਾਨ ਭਾਜਪਾ ਮਜ਼ਬੂਤ ਨਜ਼ਰ ਆਈ। ਵੋਟ ਪ੍ਰਤੀਸ਼ਤ ਦੇ ਹਿਸਾਬ ਨਾਲ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਅਤੇ ਕਾਂਗਰਸ ਦਾ ਵਿਧਾਇਕ ਹੋਣ ਦੇ ਬਾਵਜੂਦ ਭਾਜਪਾ ਲੀਡ ਲੈਣ ਦੀ ਸਥਿਤੀ ਵਿੱਚ ਹੈ। ਸੁਜਾਨਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਸਬਰ ਦਾ ਘੁੱਟ ਹੀ ਪੀਣਾ ਪਵੇਗਾ।
ਕੁੱਲ ਮਿਲਾ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਰੇਸ ਵਿੱਚ ਅਕਾਲੀ ਦਲ ਪਿਛੜ ਗਿਆ ਹੈ ਅਤੇ ਚੌਥੇ ਨੰਬਰ ਤੇ ਨਜ਼ਰ ਆ ਰਿਹਾ ਹੈ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੈ਼ਰੀ ਕਲਸੀ, ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਤੇ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਦਰਮਿਆਨ ਹੈ। ਭਾਜਪਾ ਦਾ ਗ੍ਰਾਫ ਕਾਫੀ ਵਧਿਆ ਹੈ। ਸ਼੍ਰੀ ਰਾਮ ਮੰਦਰ ਨਿਰਮਾਣ ਨੇ ਜਿਵੇਂ ਸੰਨੀ ਦਿਓਲ ਦੀ ਹਲਕੇ ਦੇ ਲੋਕਾਂ ਪ੍ਰਤੀ ਬੇਰੁਖੀ ਨੂੰ ਭੁਲਾ ਦਿੱਤਾ ਹੈ ਅਤੇ ਭਾਜਪਾ ਮੁੜ ਤੋਂ ਮਜਬੂਤ ਸਥਿਤੀ ਵਿੱਚ ਆ ਗਈ ਹੈ। ਛੇ ਵਿਧਾਇਕ ਹੋਣ ਦੇ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕਾਂਗਰਸ ਮੁਕਾਬਲੇ ਦੀ ਸਥਿਤੀ ਵਿੱਚ ਤਾਂ ਹੈ ਪਰ ਉਹ ਵੋਟ ਬੈਂਕ ਦੇ ਹਿਸਾਬ ਨਾਲ ਘਾਟੇ ਵਿੱਚ ਰਹੇਗੀ। ਦੂਜੇ ਪਾਸੇ 2019 ਦੀਆਂ ਲੋਕ ਸਭਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਵਿੱਚ ਲੋਕ ਸਭਾ ਹਲਕੇ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਵੱਧਦਾ ਨਜ਼ਰ ਆ ਰਿਹਾ ਹੈ ।