ਸ੍ਰੀ ਆਨੰਦਪੁਰ ਸਾਹਿਬ ਤੋਂ AAP ਉਮੀਦਵਾਰ ਮਾਲਵਿੰਦਰ ਸਿੰਘ ਕੰਗ ਜੇਤੂ
ਕਾਂਗਰਸ ਦੇ ਵਿਜੇਇੰਦਰ ਸਿੰਗਲਾ ਨੂੰ 10846 ਵੋਟਾਂ ਦੇ ਫਰਕ ਨਾਲ ਹਰਾਇਆ
ਬੀਜੇਪੀ ਦੇ ਸੁਭਾਸ਼ ਸ਼ਰਮਾ ਤੀਜੇ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਚੌਥੇ ਸਥਾਨ ਤੇ ਰਹੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਜੂਨ 2024: ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ 313217 ਦੇ ਕਰੀਬ ਵੋਟਾਂ ਲੈਣ ਕੇ ਜੇਤੂ ਰਹੇ ਹਨ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਜਿਨ੍ਹਾਂ ਨੂੰ 302371 ਦੇ ਕਰੀਬ ਵੋਟਾਂ ਪ੍ਰਾਪਤ ਹੋਈਆਂ,ਨੂੰ 10846 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।ਅੱਜ ਸਵੇਰ ਤੋਂ ਹੀ ਸਰਕਾਰੀ ਕਾਲਜ ਰੂਪਨਗਰ ਵਿਖੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ।
ਮੁੱਢਲੇ ਰੁਝਾਨਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਲੀਡ ਲੈਂਦੇ ਦਿਖਾਈ ਦਿੱਤੇ ਪਰੰਤੂ 10 ਵਜੇ ਦੇ ਕਰੀਬ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਲੀਡ ਬਣਾਉਣੀ ਸ਼ੁਰੂ ਕਰ ਦਿੱਤੀ,ਇਹ ਲੀਡ 1700 ਤੋਂ 3000 ਵੋਟਾਂ ਦੇ ਵਿਚਕਾਰ ਉਪਰ ਥੱਲੇ ਚਲਦੀ ਰਹੀ । ਦੋਨਾਂ ਉਮੀਦਵਾਰਾਂ ਵਿਚਾਲੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਲੱਗਭਗ 1 ਵਜੇ ਤੋਂ ਬਾਅਦ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲੱਗਭਗ 5000 ਦੇ ਕਰੀਬ ਵੋਟਾਂ ਦੀ ਲੀਡ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਜ਼ੋ ਕਿ ਵੱਖ ਵੱਖ ਰਾਊਡਾ ਤੋਂ ਬਾਅਦ ਜਿੱਤ ਵੱਲ ਵਧਦੀ ਰਹੀ ਅਤੇ ਅਖੀਰ ਵਿੱਚ 10846 ਵੋਟਾਂ ਦੇ ਫ਼ਰਕ ਨਾਲ ਸੀਟ ਜਿੱਤਣ ਵਿੱਚ ਕਾਮਯਾਬ ਰਹੇ।
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੁਲ 28 ਉਮੀਦਵਾਰ ਚੋਣ ਲੜ ਰਹੇ ਸਨ ਅਤੇ ਕੁੱਲ 1070721 ਵੋਟ ਪੋਲ ਹੋਈ ਹੈ ਜਿਸ ਵਿੱਚੋਂ ਮਾਲਵਿੰਦਰ ਸਿੰਘ ਕੰਗ 313217, ਕਾਂਗਰਸ ਪਾਰਟੀ ਦੇ ਵਿਜੇਇੰਦਰ ਸਿੰਗਲਾ 302371, ਬੀਜੇਪੀ ਦੇ ਸੁਭਾਸ਼ ਸ਼ਰਮਾ 186578, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ 1179360 ਅਤੇ ਬਸਪਾ ਦੇ ਜਸਵੀਰ ਸਿੰਘ ਗੜ੍ਹੀ 90157, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਕੁਸ਼ਲ ਪਾਲ ਸਿੰਘ ਮਾਨ 24831 ਅਤੇ ਨੋਟਾ ਨੂੰ 6402 ਵੋਟਾਂ ਪੋਲ ਹੋਈਆਂ ਹਨ।
ਰਿਟਰਨਿੰਗ ਅਫ਼ਸਰ ਡਾ.ਪ੍ਰੀਤੀ ਯਾਦਵ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਜੇਤੂ ਸਰਟੀਫਿਕੇਟ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ, ਜੈ ਕਿਸ਼ਨ ਰੋੜੀ ਹਾਜ਼ਰ ਸਨ।
ਇਸ ਮੌਕੇ ਮਾਲਵਿੰਦਰ ਸਿੰਘ ਕੰਗ ਦੇ ਗਿਣਤੀ ਕੇਂਦਰ ਤੋਂ ਬਾਹਰ ਆਉਂਦਿਆਂ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਹੱਕ ਵਿੱਚ ਨਾਅਰੇ ਬਾਜ਼ੀ ਕੀਤੀ ਗਈ। ਇਸ ਮੌਕੇ ਮਾਲਵਿੰਦਰ ਸਿੰਘ ਕੰਗ ਵੱਲੋਂ ਸਮੂਹ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।