ਤਿੰਨ ਪੁਸ਼ਤਾਂ ਪਾਰਲੀਮੈਂਟ ਚ ਭੇਜਣ ਦਾ ਪੰਜਾਬ ਚੋਂ ਰਿਕਾਰਡ ਬਣਾਇਆ ਮਲੋਆ ਪਰਿਵਾਰ ਨੇ ( ਵੀਡੀਉ ਵੀ ਦੇਖੋ)
ਗੁਰਪ੍ਰੀਤ ਸਿੰਘ ਮੰਡਿਅਣੀ
ਲੁਧਿਆਣਾ , 4 ਜੂਨ 2024 : ਫਰੀਦਕੋਟ ਹਲਕੇ ਤੋਂ ਇਲੈਕਸ਼ਨ ਜਿੱਤ ਕੇ ਸਰਬਜੀਤ ਸਿੰਘ ਮਲੋਆ ਨੇ ਪੰਜਾਬ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।ਇੱਕੋ ਪਰਿਵਾਰ ਵਿੱਚੋਂ ਤੀਜੀ ਪੁਸ਼ਤ ਵਾਲਾ ਉਹ ਪਹਿਲਾ ਪਾਰਲੀਮੈਂਟ ਮੈਂਬਰ ਬਣਿਆ ਹੈ।1989 ਦੀ ਚੋਣ ਮੌਕੇ ਉਹਦੇ ਦਾਦਾ ਸ੍ਰ ਸੁੱਚਾ ਸਿੰਘ ਮਲੋਆ ਅਤੇ ਉਹਦੇ ਮਾਤਾ ਬੀਬੀ ਬਿਮਲ ਕੌਰ ਖਾਲਸਾ ਲੋਕ ਸਭਾ ਦੀ ਚੋਣ ਜਿੱਤੇ ਸਨ।
ਬੀਬੀ ਖਾਲਸਾ ਉਸ ਵੇਲੇ ਹਲਕਾ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸਨ ਪਰ ਉਹਨਾਂ ਨੂੰ ਸ਼ਰੋਮਣੀ ਅਕਾਲੀ ਦਲ (ਬਾਦਲ) ਦੀ ਵੀ ਹਮਾਇਤ ਹਾਸਲ ਸੀ। ਸ੍ਰ ਸੁੱਚਾ ਸਿੰਘ ਮਲੋਆ ਵੀ ਬਠਿੰਡੇ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸਨ ਪਰ ਉੱਥੇ ਸ਼ਰੋਮਣੀ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਬਰਨਾਲਾ) ਨੇ ਵੀ ਆਪਦੇ ਉਮੀਦਵਾਰ ਖੜੇ ਕੀਤੇ ਹੋਏ ਸੀ।
ਬਾਦਲ ਦਲ ਉਮੀਦਵਾਰ ਗੁਰਦੇਵ ਸਿੰਘ ਬਾਦਲ ਅਤੇ ਬਰਨਾਲਾ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ ਉਮੀਦਵਾਰ ਸਨ।ਦੋਵਾਂ ਅਕਾਲੀ ਦਲਾਂ ਦੀ ਮੁਖਾਲਫਤ ਦੇ ਬਾਵਜੂਦ ਸੁੱਚਾ ਸਿੰਘ ਮਲੋਆ ਨੇ 51 ਫੀਸਦ ਵੋਟਾਂ ਹਾਸਲ ਕੀਤੀਆਂ ਸਨ। ਪੰਜਾਬ ਵਿੱਚ ਇੱਕੋ ਪਰਿਵਾਰ ਵਿੱਚੋਂ 2 ਪੁਸ਼ਤਾਂ ਦਾ ਪਰਲੀਮੈਂਟ ਚ ਜਾਣ ਦੀ ਮਿਸਾਲਾਂ ਤਾਂ ਹਨ।
ਜਿਵੇਂ ਬਾਦਲ ਅਤੇ ਜਾਖੜ ਪਰਿਵਾਰ ਪਰ 3 ਪੁਸ਼ਤਾਂ ਵਾਲਾ ਇਹ ਮਲੋਆ ਪਰਿਵਾਰ ਪਹਿਲਾ ਪਰਿਵਾਰ ਬਣਿਆਂ ਹੈ।ਜਿਕਰਯੋਗ ਹੈ ਮੁਲਕ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਸ੍ਰ ਬੇਅੰਤ ਸਿੰਘ ਚੰਡੀਗੜ ਯੂ ਟੀ ਵਿੱਚ ਪੈਂਦੇ ਪਿੰਡ ਮਲੋਆ ਦੇ ਜੰਮਪਲ ਸਨ। ਉਨ੍ਹਾਂ ਦੇ ਪਿਤਾ ਸ੍ਰ ਸੁੱਚਾ ਸਿੰਘ ਮਲੋਆ ਆਖ਼ਰੀ ਵਕਤ ਤੱਕ ਮਲੋਆ ਪਿੰਡ ਵਿੱਚ ਹੀ ਰਹੇ ਜਦਕਿ ਬੇਅੰਤ ਸਿੰਘ ਦਿੱਲੀ ਪੁਲਿਸ ਜਦਕਿ ਉਹਨਾਂ ਦੀ ਪਤਨੀ ਬਿਮਲ ਕੌਰ ਨਰਸ ਦੀ ਨੌਕਰੀ ਤੇ ਸੀ ਦਿੱਲੀ ਵਿੱਚ ਹੀ।