ਨਾ ਸਰਕਾਰ, ਨਾ ਵਿਧਾਇਕ- ਫੇਰ ਵੀ ਹਲਕਾ ਪਾਇਲ ਤੋਂ 1038 ਵੋਟਾਂ ਨਾਲ ਜਿੱਤੀ ਕਾਂਗਰਸ
ਦੋ ਸਾਲਾਂ ਚ ਹੀ ਹਲਕਾ ਪਾਇਲ ਤੋਂ ਕਾਂਗਰਸ ਉਚਾਈ ਵੱਲ ਤੇ ਆਪ ਨਿਵਾਈ ਵੱਲ
ਰਵਿੰਦਰ ਸਿੰਘ ਢਿੱਲੋਂ
ਖੰਨਾ, 5 ਜੂਨ 2024- ਲੋਕ ਸਭਾ 2024 ਦੀਆਂ ਚੋਣਾਂ ਚ ਪੰਜਾਬ ਦੀਆਂ ਕੁਲ ਤੇਰਾਂ ਸੀਟਾਂ ਚੋ ਸੱਤ ਕਾਂਗਰਸ, ਤਿੰਨ ਆਮ ਆਦਮੀ ਪਾਰਟੀ, ਦੋ ਆਜ਼ਾਦ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਿੱਸੇ ਆਈ ਹੈ ਅਤੇ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਮੁੜ ਦੂਜੀ ਵਾਰ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ 34202 ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਡਾ. ਅਮਰ ਸਿੰਘ ਨੂੰ ਵਿਧਾਨ ਸਭਾ ਹਲਕਾ ਪਾਇਲ ਤੋਂ 34447 ਵੋਟਾਂ ਪ੍ਰਾਪਤ ਹੋਈਆਂ ਅਤੇ ਉਹਨਾਂ ਹਲਕਾ ਪਾਇਲ ਤੋਂ 1038 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਹਲਕੇ ਚੋ 3823 ਵੋਟਾਂ ਵੱਧ ਪਈਆਂ ਹਨ । ਲੋਕ ਸਭਾ ਚੋਣਾਂ ਚ ਹਲਕਾ ਪਾਇਲ ਤੋਂ ਕੁਲ 103225 ਵੋਟਾਂ ਪੋਲ ਹੋਈਆਂ , ਜਿਹਨਾਂ ਚੋ ਕਾਂਗਰਸ ਦੇ ਡਾ. ਅਮਰ ਸਿੰਘ ਨੇ 34447 , ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨੇ 33409 ,ਸ੍ਰੋ. ਅ. ਦਲ [ਬਾਦਲ] ਦੇ ਬਿਕਰਮਜੀਤ ਸਿੰਘ ਖਾਲਸਾ ਨੇ 18574 , ਬੀਜੇਪੀ ਦੇ ਗੇਜਾ ਰਾਮ ਨੇ 5776 , ਬਸਪਾ ਦੇ ਕੁਲਵੰਤ ਸਿੰਘ ਨੇ 3245 ,ਸ੍ਰੋ.ਅ. ਦਲ [ਅਮ੍ਰਿਤਸਰ] ਦੇ ਰਾਜ ਜਤਿੰਦਰ ਸਿੰਘ ਨੇ 5102 , ਆਜ਼ਾਦ ਸਮਾਜ ਪਾਰਟੀ [ਕਾਂਸੀ ਰਾਮ] ਦੇ ਬਾਹਲ ਸਿੰਘ ਨੇ 298 ਵੋਟਾਂ ਹਾਸਿਲ ਕੀਤੀਆਂ ।
ਸੰਨ 2019 ਚ ਪਹਿਲੀ ਵਾਰ ਐੱਮਪੀ ਬਣੇ ਡਾ. ਅਮਰ ਸਿੰਘ ਨੂੰ ਉਸ ਸਮੇ ਦੇ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਹਲਕਾ ਪਾਇਲ ਨੇ 20 ਹਜਾਰ ਤੋਂ ਵੱਧ ਵੋਟਾਂ ਨਾਲ ਜਿਤਾਇਆ ਸੀ ਅਤੇ ਹੁਣ ਵਿਧਾਇਕ ਨਾ ਹੁੰਦਿਆਂ ਵੀ ਲੱਖਾ ਪਾਇਲ ਦੀ ਅਗਵਾਈ ਹੇਠ ਹਲਕੇ ਨੇ ਉਹਨਾਂ ਨੂੰ 1038 ਵੋਟਾਂ ਨਾਲ ਜਿਤਾਇਆ ਹੈ, ਜੋ ਕਿ ਜਿਥੇ ਲੱਖਾ ਪਾਇਲ ਦੀ ਵੱਡੀ ਉਪਲਬਧੀ ਆਖੀ ਜਾ ਸਕਦੀ ਹੈ, ਉਥੇ ਹੀ ਮੌਜੂਦਾ ਸਰਕਾਰ ਅਤੇ ਮੌਜੂਦਾ ਵਿਧਾਇਕ ਲਈ ਇਹ ਇਕ ਵਿਚਾਰਨ ਵਾਲੀ ਗੱਲ ਹੈ ਜੋ ਕਿ ਸੂਬੇ ਚ ਸਰਕਾਰ ਅਤੇ ਹਲਕੇ ਚ ਵਿਧਾਇਕ ਹੁੰਦਿਆਂ ਵੀ ਹਲਕੇ ਚੋ ਆਪ ਨੂੰ ਜਿਤਾ ਨਹੀਂ ਸਕੇ ਅਤੇ ਦੋ ਸਾਲਾਂ ਚ ਹੀ ਆਪ ਨਿਵਾਈ ਵੱਲ ਤੇ ਕਾਂਗਰਸ ਉਚਾਈ ਵੱਲ ਜਾ ਰਹੀ ਹੈ, ਜਿਸ ਵਿਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਵਡਮੁੱਲਾ ਯੋਗਦਾਨ ਹੈ ,ਕਿਓਂਕਿ ਲੱਖਾ ਪਾਇਲ ਜਮੀਨ ਨਾਲ ਜੁੜੇ ਨੇਤਾ ਹਨ ਜੋ ਜਿਥੇ 2017 ਚ ਜਿੱਤਣ ਤੋਂ ਬਾਅਦ ਵੀ ਲੋਕਾਂ ਚ ਰਹੇ ਅਤੇ ਇਸਤੋਂ ਇਲਾਵਾ 2012 ਅਤੇ 2022 ਦੋਵੇ ਵਾਰ ਹਾਰਨ ਤੋਂ ਬਾਅਦ ਵੀ ਲਗਾਤਾਰ ਹਲਕੇ ਦੇ ਲੋਕਾਂ ਦੇ ਹਰੇਕ ਦੁੱਖ ਸੁਖ ਚ ਸ਼ਾਮਿਲ ਹੁੰਦੇ ਹਨ ।
ਜਿਕਰਯੋਗ ਹੈ ਕਿ ਹਲਕਾ ਪਾਇਲ 1962 ਤੋਂ ਹੀ ਕਾਂਗਰਸ ਦਾ ਗੜ੍ਹ ਰਿਹਾ ਹੈ ਅਤੇ ਇਥੇ ਜਿਆਦਾਤਰ ਕਾਂਗਰਸ ਅਤੇ ਕੋਟਲੀ ਪਰਿਵਾਰ ਦਾ ਹੀ ਬੋਲਬਾਲਾ ਰਿਹਾ ਹੈ ਅਤੇ ਇਥੇ 14 ਵਾਰ ਹੋਈਆਂ ਵਿਧਾਨ ਸਭਾ ਚੋਣਾਂ ਚੋ 3 ਵਾਰ ਸ੍ਰੋ. ਅ. ਦਲ ਦੇ ਦਵਿੰਦਰ ਸਿੰਘ, ਸਵ. ਸਾਧੂ ਸਿੰਘ ਘੁਡਾਣੀ ਅਤੇ ਚਰਨਜੀਤ ਸਿੰਘ ਅਟਵਾਲ ਅਤੇ ਇਕ ਵਾਰ ਆਪ ਦੇ ਮੌਜੂਦਾ ਸਮੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਇਲਾਵਾ ਬਾਕੀ ਵਾਰ ਕਾਂਗਰਸ ਦੇ ਵਿਧਾਇਕ ਹੀ ਜੇਤੂ ਰਹੇ ਹਨ। ਇਹ ਵੀ ਗੌਰਤਲਬ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਚ ਹਲਕੇ ਚੋ ਆਪ ਨੂੰ 63633 ਵੋਟਾਂ ਮਿਲੀਆਂ ਸਨ ਤੇ ਇਸ ਵਾਰ 33409 ਪਈਆਂ ਹਨ ਜੋ ਕਿ 2022 ਦੇ ਮੁਕਾਬਲੇ 30224 ਘਟ ਮਿਲੀਆਂ ਹਨ ਅਤੇ ਕਾਂਗਰਸ ਨੂੰ 2022 ਚ 30624 ਵੋਟਾਂ ਪਈਆਂ ਸਨ ਅਤੇ ਇਸ ਵਾਰ 34447 ਪਈਆਂ ਹਨ ਜੋ ਕਿ ਉਦੋਂ ਦੇ ਮੁਕਾਬਲੇ 3823 ਵੋਟਾਂ ਵੱਧ ਪਈਆਂ ਹਨ। ਇਹਨਾਂ ਲੋਕ ਸਭਾ ਚੋਣਾਂ ਚ ਬੇਸ਼ਕ ਕਾਂਗਰਸ ਦੀ ਲੀਡ ਆਪ ਨਾਲੋਂ 1038 ਵੋਟਾਂ ਦੀ ਹੀ ਰਹੀ ਹੈ,ਪਰ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਹਲਕੇ ਚੋ ਕਾਂਗਰਸ ਨੂੰ 3823 ਵੋਟਾਂ ਵੱਧ ਮਿਲੀਆਂ ਹਨ , ਜੋ ਕਿ ਜਿਥੇ ਕਾਂਗਰਸ ਲਈ ਸੁਭ ਸੰਕੇਤ ਹੈ ,ਉਥੇ ਹੀ ਸੂਬੇ ਅਤੇ ਹਲਕੇ ਦੀ ਵਾਗਡੋਰ ਆਪ ਦੇ ਹੱਥ ਹੁੰਦਿਆਂ ਇਹ ਆਪ ਲਈ ਸੁਭ ਸੰਕੇਤ ਨਹੀਂ ਹੈ।