ਜਾਣੋ ਕੀ ਰਿਹਾ ਸੁਖਜਿੰਦਰ ਰੰਧਾਵਾ ਦੀ ਜਿੱਤ ਦਾ ਕਾਰਨ ਅਤੇ ਵਿਰੋਧੀ ਪਾਰਟੀਆਂ ਨੇ ਕੀ ਖੱਟਿਆ ਕੀ ਗਵਾਇਆ?
ਰੋਹਿਤ ਗੁਪਤਾ
ਗੁਰਦਾਸਪੁਰ 4 ਜੂਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 83 ਹਜਾਰ ਤੋਂ ਵੱਧ ਲੀਡ ਨਾਲ ਚੋਣ ਜਿੱਤ ਗਏ ਹਨ। । ਸੁਖਜਿੰਦਰ ਸਿੰਘ ਰੰਧਾਵਾ ਨੇ ਕੁੱਲ 3 ਲੱਖ 61 ਹਜ਼ਾਰ 713 ਵੋਟਾਂ ਲਈਆਂ ਹਨ ਜਦਕਿ ਭਾਜਪਾ ਦੇ ਦਿਨੇਸ਼ ਬੱਬੂ 787001 ਵੋਟਾਂ ਨਾਲ ਦੂਜੇ ਸਥਾਨ ਤੇ ਰਹੇ ਅਤੇ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸੈ਼ਰੀ ਕਲਸੀ ਨੇ 2 ਲੱਖ 75 ਹਜਾਰ 416 ਵੋਟਾਂ ਹਾਸਲ ਕੀਤੀਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ 85,195 ਵੋਟਾਂ ਦੇ ਸਿਮਟ ਗਏ। ਸ਼੍ਰੋਮਣੀ ਅਕਾਲੀ ਦਲ ਮਾਣ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ 25,425 ਵੋਟਾਂ ਲੈਣ ਵਿੱਚ ਕਾਮਯਾਬ ਰਹੇ ਹਨ। ਇਹਨਾਂ ਤੋਂ ਇਲਾਵਾ ਕੋਈ ਵੀ ਆਜ਼ਾਦ ਉਮੀਦਵਾਰ 6000 ਤੋਂ ਵੱਧ ਵੋਟਾਂ ਨਹੀਂ ਲੈ ਸਕਿਆ ਹੈ। ਇਹਨਾਂ ਤੋਂ ਇਲਾਵਾ 3800 ਦੇ ਕਰੀਬ ਵੋਟਰਾਂ ਨੇ ਨੋਟਾ ਵੀ ਦਬਾਇਆ।
ਜਿਵੇਂ ਕਿ ਬਾਬੂਸ਼ਾਹੀ ਕਾਮ ਵੱਲੋਂ ਪਹਿਲੇ ਹੀ ਸੰਭਾਵਨਾ ਜਾਹਿਰ ਕੀਤੀ ਗਈ ਸੀ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਛੇ ਐਮਐਲਏ ਆਪਣੇ ਉਮੀਦਵਾਰ ਸੁਖਜਿੰਦਰ ਰੰਧਾਵਾ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਪੰਜਾਬ ਵਿੱਚ ਕਾਂਗਰਸ ਵੱਲੋਂ ਸੱਤ ਸੀਟਾਂ ਜਿੱਤਣ ਤੇ ਸਾਫ ਹੋ ਗਿਆ ਹੈ ਕਿ ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਦੇ ਕਾਰਜ ਕਾਲ ਤੋਂ ਸੰਤੁਸ਼ਟ ਨਹੀਂ ਹਨ। ਸੁਖਜਿੰਦਰ ਰੰਧਾਵਾ ਨੂੰ ਵੀ ਇਸਦਾ ਕੁਝ ਫਾਇਦਾ ਮਿਲਿਆ ਹੈ ਪਰ ਸਭ ਤੋਂ ਵੱਡਾ ਕਾਰਨ ਰੰਧਾਵਾ ਦੀ ਜਿੱਤ ਦਾ ਇਹ ਰਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਛੇ ਵਿਧਾਇਕਾਂ ਨੇ ਰੰਧਾਵਾ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ, ਇਸ ਲਈ ਲਗਭਗ ਹਰ ਹਲਕੇ ਵਿੱਚੋਂ(ਸਿਰਫ ਸੁਜਾਨਪੁਰ ਨੂੰ ਛੱਡ ਕੇ) ਕਾਂਗਰਸ ਨੇ ਲੀਡ ਹਾਸਲ ਕੀਤੀ। ਇਥੋਂ ਤੱਕ ਕਿ ਮੰਤਰੀ ਕਟਾਰੂ ਚੱਕ ਦੇ ਹਲਕੇ ਵਿੱਚ ਭੋਆ ਵਿੱਚ ਵੀ ਕਾਂਗਰਸ 30 ਹਜਾਰ ਤੋਂ ਵੱਧ ਵੋਟ ਹਾਸਲ ਕਰਨ ਵਿੱਚ ਕਾਮਯਾਬ ਰਹੀ ।
ਗੱਲ ਦੂਜੇ ਨੰਬਰ ਤੇ ਰਹੀ ਭਾਰਤੀ ਜਨਤਾ ਪਾਰਟੀ ਦੀ ਕਰੀਏ ਤਾਂ ਬੇਸ਼ੱਕ 2019 ਵਿੱਚ ਸੰਨੀ ਦਿਓਲ ਵੱਡੀ ਲੀਡ ਨਾਲ ਜਿੱਤੇ ਸਨ ਪਰ ਹਲਕੇ ਪ੍ਰਤੀ ਉਹਨਾਂ ਦੀ ਬੇਰੁਖੀ ਨੇ ਬੀਜੇਪੀ ਦਾ ਗ੍ਰਾਫ ਬਹੁਤ ਹੀ ਥੱਲੇ ਡਿਗਾ ਦਿੱਤਾ ਸੀ। ਬੀਜੇਪੀ ਨੂੰ ਦੂਜਾ ਨੁਕਸਾਨ ਕਿਸਾਨ ਅੰਦੋਲਨ ਦਾ ਹੋਇਆ ਪਰ ਬਾਵਜੂਦ ਇਸਦੇ ਸ੍ਰੀ ਰਾਮ ਮੰਦਰ ਨਿਰਮਾਣ ਨੇ ਸ਼ਹਿਰੀ ਇਲਾਕਿਆਂ ਵਿੱਚ ਭਾਜਪਾ ਨੂੰ ਖੂਬ ਵੋਟ ਦਵਾਏ। ਭਾਜਪਾ ਨੂੰ ਦੂਜਾ ਫਾਇਦਾ ਦਿਨੇਸ਼ ਬੱਬੂ ਦੇ ਹਲਕੇ ਵਿੱਚੋਂ ਹੋਇਆ ਜਿੱਥੋਂ ਪਠਾਨਕੋਟ ਵਿੱਚੋਂ ਬੱਬੂ 56339 ਵੋਟ ਲੈ ਕੇ ਸਭ ਤੋਂ ਅੱਗੇ ਰਹੇ ਜਦ ਕਿ ਕਾਂਗਰਸ ਨੂੰ 43 ਹਜਾਰ 577 ਅਤੇ ਆਪ ਨੂੰ 21372 ਵੋਟ ਮਿਲੇ। ਭੋਆ ਹਲਕੇ ਵਿੱਚੋਂ ਵੀ ਬੱਬੂ 52122 ਵੋਟ ਲੈਣ ਵਿੱਚ ਕਾਮਯਾਬ ਰਹੇ ਜਦਕਿ ਕਾਂਗਰਸ ਨੂੰ 30668 ਅਤੇ ਮੰਤਰੀ ਕਟਾਰੂ ਚੱਕ ਦਾ ਹਲਕਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਸਿਰਫ 16646 ਵੋਟ ਪਏ। ਆਪਣੇ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਬੱਬੂ 62323 ਵੋਟ ਲੈ ਕੇ ਸਭ ਤੋਂ ਅੱਗੇ ਰਹੇ ਜਦ ਕਿ ਕਾਂਗਰਸ 35,902 ਅਤੇ ਆਮ ਆਦਮੀ ਪਾਰਟੀ ਸਿਰਫ 17161 ਵੋਟ ਤੇ ਸਿਮਟ ਗਈ। ਗੁਰਦਾਸਪੁਰ, ਦੀਨਾਨਗਰ ਅਤੇ ਬਟਾਲਾ ਵਿਧਾਨਸਭਾ ਸਭਾ ਹਲਕਿਆਂ ਵਿੱਚ ਵੀ ਭਾਜਪਾ ਦੇ ਦਿਨੇਸ਼ ਬੱਬੂ ਕਾਫੀ ਵੋਟਾਂ ਲੈਣ ਵਿੱਚ ਕਾਮਯਾਬ ਰਹੇ ਪਰ ਜਿਲਾ ਪਠਾਨਕੋਟ ਵਿੱਚੋਂ ਖੜੀ ਲੀਡ ਇਹਨਾਂ ਹਲਕਿਆਂ ਵਿੱਚ ਘੱਟ ਹੋ ਗਈ। ਬਾਕੀ ਕਸਰ ਕਾਦੀਆਂ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹਲਕਿਆਂ ਨੇ ਪੂਰੀ ਕਰ ਦਿੱਤੀ ਅਤੇ ਭਾਜਪਾ ਲਗਭਗ 83 ਹਜਾਰ ਵੋਟਾਂ ਤੋਂ ਪਿਛੜ ਗਈ।
ਆਮ ਆਦਮੀ ਪਾਰਟੀ ਆਪਣੇ ਜਿੱਤੇ ਦੋ ਵਿਧਾਨ ਸਭਾ ਹਲਕਿਆਂ ਭੋਆ ਤੇ ਬਟਾਲਾ ਵਿੱਚ ਵੀ ਆਪਣੀ ਲਾਜ ਨਹੀਂ ਬਚਾ ਸਕੀ। ਮੁਫਤ ਬਿਜਲੀ ਇਫੈਕਟ ਲਗਭਗ ਪੂਰੇ ਪੰਜਾਬ ਵਿੱਚ ਨਾਕਾਮ ਰਿਹਾ ਤੇ ਉਸ ਤੇ ਬਿਗੜਦੀ ਕਾਨੂੰਨ ਵਿਵਸਥਾ , ਮੁਲਾਜ਼ਮ ਵਿਰੋਧੀ ਨੀਤੀਆਂ ਆਦਿ ਸਰਕਾਰ ਦੀਆਂ ਨਕਾਮੀਆਂ ਹਾਵੀ ਰਹੀਆਂ। ਜਦਕਿ ਚੌਥੇ ਸਥਾਨ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਿਆਂ ਦੇ ਛੱਡ ਕੇ ਜਾਣ ਦਾ ਵੱਡਾ ਨੁਕਸਾਨ ਝਲਣਾ ਪਿਆ। ਗੁਰਦਾਸਪੁਰ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 9000 ਤੋਂ ਵੀ ਘੱਟ ਵੋਟਾਂ ਤੇ ਸਿਮਟ ਗਿਆ ।