SPECIAL STORY: ਪੇਂਡੂ ਸਿਆਸੀ ਭਲਵਾਨ ਪਤੌੜਾਂ ਦਾ ਮੁੱਲ ਨਾਂ ਮੁੜਨ ਤੋਂ ਹੈਰਾਨ
ਅਸ਼ੋਕ ਵਰਮਾ
ਬਠਿੰਡਾ,11 ਨਵੰਬਰ 2024: ਕੁੱਝ ਦਿਨ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਚੋਣ ਲੜਨ ਵਾਲੇ ਉਮੀਦਵਾਰ ਵੋਟਰਾਂ ਦੇ ਦਿਲਾਂ ਦੀ ਬੁੱਝਣ ’ਚ ਪੂਰੀ ਤਰਾਂ ਅਸਫਲ ਰਹੇ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਵੋਟਾਂ ਵਾਲੀ ਸੰਦੂਕੜੀ ਨੂੰ ਭਾਗ ਨਹੀਂ ਲੱਗ ਸਕੇ ਹਨ। ਸਰਕਾਰੀ ਤੌਰ ਤੇ ਜਾਰੀ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਸਾਹਮਣੇ ਆਏ ਇਨ੍ਹਾਂ ਹੈਰਾਨੀਜਨਕ ਤੱਥਾਂ ਨੇ ਸਾਬਤ ਕਰ ਦਿੱਤਾ ਹੈ ਕਿ ਵੋਟਰਾਂ ਵੱਲੋਂ ਉਨ੍ਹਾਂ ਨਾਲ ਵੋਟਾਂ ਪਾਉਣ ਦੇ ਕੀਤੇ ਵਾਅਦੇ ਕੱਚੇ ਨਿਕਲੇ ਹਨ। ਇਹ ਭਾਣਾ ਇਕੱਲੇ ਸਰਪੰਚੀ ਦੇ ਚਾਹਵਾਨਾਂ ਨਾਲ ਹੀ ਨਹੀਂ ਵਾਪਰਿਆ ਬਲਕਿ ਕਈ ਪੰਚੀ ਦੇ ਉਮੀਦਵਾਰ ਵੀ ਇਸ ਵਤਰਾਰੇ ਦੀ ਭੇਂਟ ਚੜ੍ਹੇ ਹਨ। ਪਿੰਡ ਘਸੋਖਾਨਾ ਹਰਜਸ ਸਿੰਘ ਅਤੇ ਪਰਮਿੰਦਰ ਕੌਰ ਨੂੰ ਇੱਕ ਵੀ ਵੋਟ ਨਸੀਬ ਨਹੀਂ ਹੋ ਸਕੀ ਜਦੋਂਕਿ ਉਹ ਪਿੰਡ ਦੀ ਸਰਪੰਚੀ ਦੇ ਉਮੀਦਵਾਰ ਸਨ।
ਪਿੰਡ ਰਾਜਗੜ੍ਹ ਖੁਰਦ ਵਿੱਚ ਵੀ ਸਰਪੰਚੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦਾ ਨਤੀਜਾ ਵੀ ਜੀਰੋ ਰਿਹਾ ਜਦੋਂਕਿ ਇਸ ਪਿੰਡ ’ਚ ਗੁਰਮੀਤ ਸਿੰਘ ਨੂੰ ਸਿਰਫ 3 ਵੋਟਾਂ ਪਈਆਂ ਹਨ। ਪਿੰਡ ਕਾਲਝਰਾਣੀ ’ਚ ਸਰਪੰਚੀ ਦੀ ੳਬੁਮੀਦਵਾਰ ਗੁਰਵਿੰਦਰ ਕੌਰ ਅਤੇ ਮਛਾਣਾ ’ਚ ਪਿੰਕੀ ਕੌਰ 3-3 ਵੋਟਾਂ ਹਾਸਲ ਕਰ ਸਕੀਆਂ ਹਨ। ਸਭ ਤੋਂ ਇੱਕ ਪਾਸੜ ਅਤੇ ਦਿਲਚਸਪੀ ਵਾਲਾ ਮੁਕਾਬਲਾ ਪਿੰਡ ਹਰਰਾਏਪੁਰ ’ਚ ਦੇਖਣ ਨੂੰ ਮਿਲਿਆ ਜਿੱਥੇ ਜੱਗਾ ਸਿੰਘ ਨੂੰ ਸਿਰਫ 8 ਵੋਟਾਂ ਪਈਆਂ ਜਦੋਂਕਿ ਚੋਣ ਜਿੱਤਣ ਵਾਲੇ ਦੀਆਂ ਵੋਟਾਂ ਦੀ ਗਿਣਤੀ 2076 ਰਹੀ। ਸਲਾਬਤਪੁਰਾ ’ਚ ਸਰਪੰਚੀ ਦੀ ਉਮੀਦਵਾਰ ਮਨਦੀਪ ਕੌਰ ਸਿਰਫ ਛੇ ਵੋਟਾਂ ਹੀ ਲਿਜਾ ਸਕੀ ਹੈ। ਇਸ ਪਿੰਡ ’ਚ ਦੋ ਉਮੀਦਵਾਰਾਂ ਨੂੰ 14 ਤੇ 15 ਵੋਟਾਂ ਹੀ ਪਈਆਂ ਹਨ। ਇਸ ਪਿੰਡ ’ਚ ਪੰਚੀ ਦਾ ਇੱਛਕ ਬੂਟਾ ਸਿੰਘ ਨੂੰ ਵੀ ਸਿਰਫ ਦੋ ਵੋਟਾਂ ਹੀ ਪਈਆਂ ਹਨ।
ਵਿਰਕ ਕਲਾਂ ’ਚ ਸਰਪੰਚ ਦੀ ਉਮੀਦਵਾਰ ਭਿੰਦਰ ਕੌਰ ਨੂੰ 6 ਵੋਟਾਂ ਨਾਲ ਸਬਰ ਕਰਨਾ ਪਿਆ ਹੈ। ਹੋਰ ਵੀ ਕਈ ਪਿੰਡਾਂ ’ਚ ਉਮੀਦਵਾਰਾਂ ਦਾ ਅੰਕੜਾ ਕਾਫੀ ਨੀਵਾਂ ਰਿਹਾ ਹੈ। ਪਿੰਡ ਕੋਇਰ ਸਿੰਘ ਵਾਲਾ ਦੇ ਪੰਚੀ ਦੇ ਉਮੀਦਵਾਰਾਂ ਨੈਬ ਸਿੰਘ ਤੇ ਪ੍ਰਦੀਪ ਕੌਰ ਨੂੰ ਸਿਰਫ਼ 1-1ਵੋਟ ਪਈ ਅਤੇ ਨਵਜਿੰਦਰ ਕੌਰ ਨੂੰ ਇੱਕ ਵੋਟ ਵੀ ਨਹੀਂ ਪੈ ਸਕੀ ਹੈ। ਬਲਾਕ ਭਗਤਾ ਦੇ ਪਿੰਡ ਗੁਰਦਿੱਤ ਸਿੰਘ ਵਾਲਾ ਵਿੱਚ ਵੀ ਪੰਚ ਬਣਨ ਦਾ ਚਾਹਵਾਨ ਹਰਵਿੰਦਰ ਸਿੰਘ ਅਤੇ ਨਿਰਮਲ ਸਿੰਘ ਕੋਈ ਵੋਟ ਵੀ ਹਾਸਲ ਨਹੀਂ ਕਰ ਸਕੇ ਹਨ। ਬਲਾਕ ਭਗਤਾ ਦੇ ਪਿੰਡ ਬੁਰਜ ਲੱਧਾ ਸਿੰਘ ਵਾਲਾ ’ਚ ਰਣਦੀਪ ਕੌਰ ਅਤੇ ਬਲਾਕ ਬਠਿੰਡਾ ਦੇ ਪਿੰਡ ਝੁੰਬਾ ’ਚ ਨਰਿੰਦਰ ਸਿੰਘ ਨੂੰ 4-4 ਵੋਟਾਂ ਪਈਆਂ ਹਨ। ਬਲਾਕ ਬਠਿੰਡਾ ਦੇ ਪਿੰਡ ਤਲਾਬ ਨਹਿਰ ’ਚ ਪੰਚੀ ਚਾਹਵਾਨ ਗੱਜਣ ਸਿੰਘ ਦੇ ਬਕਸੇ ਚੋਂ 3 ਵੋਟਾਂ ਨਿਕਲੀਆਂ ਹਨ।
ਜਾਣਕਾਰੀ ਅਨੁਸਾਰ ਹਰੇਕ ਪਿੰਡ ਵਿੱਚ ਹਰ ਉਮੀਦਵਾਰ ਨੇ ਜੋਰਦਾਰ ਪ੍ਰਚਾਰ ਕੀਤਾ ਅਤੇ ਆਪਣੇ ਪੋਲਿੰਗ ਏਜੰਟ ਬਣਾਏ ਸਨ ਜਿੰਨ੍ਹਾਂ ਨੇ ਵੋਟਰਾਂ ‘ਤੇ ਤਿੱਖੀ ਨਜ਼ਰ ਰੱਖੀ ਫਿਰ ਵੀ ਵੋਟਾਂ ਵਾਲਾ ਰੰਗ ਨਹੀਂ ਬੱਝਿਆ ਹੈ। ਸਰਕਾਰੀ ਤੱਥਾਂ ਅਨੁਸਾਰ ਅਨੁਸਾਰ ਨਥਾਣਾ ਬਲਾਕ ਦੇ ਪਿੰਡ ਮਾੜੀ ’ਚ ਕੁਲਵਿੰਦਰ ਸਿੰਘ ਅਤੇ ਬਲਾਕ ਗੋਨਿਆਣਾ ਦੇ ਪਿੰਡ ਕੋਠੇ ਸੰਧੂਆਂ ਵਿੱਚ ਪੰਚੀ ਦੀ ਉਮੀਦਵਾਰ ਕਰਮਜੀਤ ਕੌਰ ਨੂੰ 1-1 ਵੋਟ ਹੀ ਪਈ ਹੈ। ਪਿੰਡ ਮਹਿਮਾ ਸਵਾਈ ਵਿੱਚ ਪੰਚੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਤੇ ਮਹਿਮਾ ਭਗਵਾਨਾ ’ਚ ਵਕੀਲ ਸਿੰਘ ਵੀ ਜ਼ੀਰੋ ਤੇ ਸੀਮਤ ਰਹੇ । ਬਲਾਕ ਭਗਤਾ ਦੇ ਪਿੰਡ ਜਲਾਲ ’ਚ ਪੰਚੀ ਦੇ ਉਮੀਦਵਾਰ ਬੂਟਾ ਸਿੰੰਘ ਨੂੰ ਸਿਰਫ਼ ਦੋ ਵੋਟਾਂ ਪਈਆਂ ਹਨ ਅਤੇ ਕਿਰਪਾਲ ਸਿੰਘ 7 ਵੋਟਾਂ ਲਿਜਾ ਸਕਿਆ ਜਦੋਂਕਿ ਉਸ ਦੇ ਵਾਰਡ ਵਿੱਚ ਨੋਟਾ ਤੇ ਮੋਹਰ ਲਾਉਣ ਵਾਲਿਆਂ ਦੀ ਗਿਣਤੀ 9 ਰਹੀ।
ਪਿੰਡ ਸੰਗਤ ਕਲਾਂ ’ਚ ਰੀਨਾ ਰਾਣੀ ਤੇ ਪਿੰਡ ਗੁਰੂਸਰ ਜਗਾ ’ਚ ਸੁਮਨਦੀਪ ਕੌਰ ਨੂੰ 5-5 ਵੋਟਾਂ , ਰਾਮਪੁਰਾ ਬਲਾਕ ਦੇ ਪਿੰਡ ਮੰਡੀ ਕਲਾਂ ਵਿੱਚ ਰਜਿੰਦਰ ਸਿੰਘ ਨੂੰ ਛੇ ਵੋਟਾਂ ਅਤੇ ਬਲਾਕ ਗੋਨਿਆਣਾ ਦੇ ਪਿੰਡ ਕੋਠੇ ਨੱਥਾ ਸਿੰਘ ਦੀ ਰਾਣੀ ਕੌਰ ਨੂੰ3 ਵੋਟਾਂ ਪਈਆਂ। ਇਸ ਪਿੰਡ ਵਿੱਚ ਤਾਂ ਸਰਪੰਚੀ ਦੀ ਉਮੀਦਵਾਰ ਹਰਜਿੰਦਰ ਕੌਰ 13 ਵੋਟਾਂ ਹਾਸਲ ਕਰ ਸਕੀ। ਸੂਤਰ ਦੱਸਦੇ ਹਨ ਕਈ ਉਮੀਦਵਾਰਾਂ ਦੇ ਪ੍ਰੀਵਾਰਕ ਮੈਂਬਰਾਂ ਦੀ ਗਿਣਤੀ ਵੀ ਉਨ੍ਹਾਂ ਨੂੰ ਪਈਆਂ ਵੋਟਾਂ ਤੋਂ ਵੱਧ ਹੈ । ਸੂਤਰਾਂ ਮੁਤਾਬਕ ਕੁੱਝ ਉਮੀਦਵਾਰਾਂ ਨੇ ਤਾਂ ਪੜਚੋਲ ਵੀ ਸ਼ੁਰੂ ਕਰ ਦਿੱਤੀ ਹੈ ਕਿ ਏਨੀਆਂ ਵੋਟਾਂ ਕਿਵੇਂ ਘਟ ਗਈਆਂ। ਸਰਕਾਰੀ ਸੂਤਰਾਂ ਮੁਤਾਬਕ ਅਸਲ ’ਚ ਕਈ ਵਾਰ ਉਮੀਦਵਾਰਾਂ ਵਿਚਕਾਰ ਸਹਿਮਤੀ ਹੋ ਜਾਂਦੀ ਹੈ ਤਾਂ ਵੀ ਵੋਟਾਂ ਦਾ ਅੰਕੜਾ ਘਟ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਬਹੁਤੇ ਉਮੀਦਵਾਰਾਂ ਤੋਂ ਵੋਟਰਾਂ ਦਾ ਮੂਡ ਹੀ ਨਹੀਂ ਬੁੱਝਿਆ ਜਾ ਸਕਿਆ ਹੈ।
ਮੇਰੇ ਤਾਂ ਪਤੌੜਾਂ ਦਾ ਮੁੱਲ ਨਹੀਂ ਮੁੜਿਆ
ਚੋਣ ਹਾਰਨ ਵਾਲੇ ਕਈ ਉਮੀਦਵਾਰਾਂ ਨੂੰ ਸ਼ਿਕਵਾ ਹੈ ਕਿ ਵੋਟਰਾਂ ਨੇ ਉਨ੍ਹਾਂ ਦੇ ਪਕੌੜਿਆਂ ਤੇ ਮਠਿਆਈ ਦਾ ਮੁੱਲ ਨਹੀਂ ਮੋੜਿਆ ਹੈ। ਸੂਤਰਾਂ ਅਨੁਸਾਰ ਇੱਕ ਪਿੰਡ ਵਿੱਚ ਤਾਂ ਇੱਕ ਉਮੀਦਵਾਰ ਨੇ ਵੋਟਰਾਂ ਨੂੰ ਬਠਿੰਡਿਓਂ ਲਿਜਾਕੇ ਘੋਟਵੀਂ ਬਰਫੀ ਵੀ ਖੁਆਈ ਪਰ ਵੋਟਰਾਂ ਨੇ ਲਾਜ ਨਹੀਂ ਰੱਖੀ। ਕਈ ਪਿੰਡਾਂ ’ਚ ਜਿੰਨ੍ਹਾਂ ਉਮੀਦਵਾਰਾਂ ਨੇ ਵੋਟਰਾਂ ਨੂੰ ਗਰਮਾ ਗਰਮ ਚਾਹ ਦੀਆਂ ਪਿਆਲੀਆਂ ਵਰਤਾਈਆਂ ਉਨ੍ਹਾਂ ਨੂੰ ਨਤੀਜਿਆਂ ਕਾਰਨ ਠੰਢ ’ਚ ਵੀ ਤਰੇਲੀਆਂ ਆਉਣ ਲੱਗੀਆਂ ਹਨ। ਹੁਣ ਕਈ ਉਮੀਦਵਾਰ ਹਲਵਾਈਆਂ ਦਾ ਹਿਸਾਬ ਕਿਤਾਬ ਕਰਨ ਲੱਗੇ ਹੋਏ ਹਨ ਜਦੋਂਕਿ ਕਈਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣਾ ਹਿਸਾਬ ਕਿੰਜ ਲਾਉਣ।