ਖੇਡ ਲੇਖਕ ਨਵਦੀਪ ਗਿੱਲ ਨੂੰ ਲਿਖਾਰੀਆਂ ਨੇ ਦਿੱਤੀ ਵਧਾਈ
ਸਾਦਿਕ: 12 ਨਵੰਬਰ 2024 - ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਮਨਾਏ ਜਾਣ ਵਾਲੇ ਪੰਜਾਬੀ ਮਾਹ ਦੇ ਅਗਾਜ਼ ਮੌਖੇ ਭਾਸ਼ਾ ਭਵਨ ਪਟਿਆਲਾ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਿੰਨ ਸਾਲਾਂ ਦੇ ਸਰਵੋਤਮ ਪੁਸਤਕਾਂ ਦੇ ਲੇਖਕਾਂ ਨੂੰ ਐਵਾਰਡਾਂ ਦੀ ਵੰਡ ਹੋਈ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਕੀਤੀ।ਸਾਲ 2022 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ਕੋਸ਼ਕਾਰੀ) ਨੌਜਵਾਨ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਉੱਡਣਾ ਬਾਜ਼’ ਨੂੰ ਦਿੱਤਾ।
ਬਰਨਾਲਾ ਦੇ ਜੰਮਪਲ ਅਤੇ ਚੰਡੀਗੜ੍ਹ ਰਹਿੰਦੇ ਨਵਦੀਪ ਸਿੰਘ ਗਿੱਲ ਹੁਣ ਤੱਕ 13 ਪੁਸਤਕਾਂ ਲਿਖ ਚੁੱਕੇ ਹਨ। ਜੱਦੀ ਪਿੰਡ ਸ਼ਹਿਣਾ ਹੈ। 30 ਐਵਾਰਡ ਜੇਤੂ ਲੇਖਕਾਂ ਵਿੱਚੋਂ 6 ਬਰਨਾਲਾ ਨਾਲ ਸਬੰਧਤ ਸਨ ਜਦੋਂਕਿ ਦੋ ਸ਼ਹਿਣਾ ਦੇ ਸਨ। "ਉੱਡਣਾ ਬਾਜ਼" ਪੁਸਤਕ ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਹੈ ਤੇ ਇਹਦੇ ਲੇਖਕ ਨਵਦੀਪ ਸਿੰਘ ਗਿੱਲ ਪੰਜਾਬ ਸਰਕਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਟੋਰਾਂਟੋ ਤੋਂ ਉਘੇ ਲੇਖਕਾਂ ਪਿੰ: ਸਰਵਣ ਸਿੰਘ ਸਮੇਤ ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ, ਗਾਉਂਦਾ ਪੰਜਾਬ ਰੇਡੀਓ ਦੇ ਸੰਚਾਲਕ ਜੋਗਿੰਦਰ ਬਾਸੀ ਨੇ ਨਵਦੀਪ ਗਿੱਲ ਨੂੰ ਇਹ ਐਵਾਰਡ ਮਿਲਣ ਉਤੇ ਵਧਾਈਆਂ ਦਿੱਤੀਆਂ ਹਨ।
ਨਵਦੀਪ ਗਿੱਲ ਦੇ ਨਜਦੀਕੀ ਦੋਸਤ ਤੇ ਪ੍ਰਸਿਧ ਪੰਜਾਬੀ ਵਾਰਤਕ ਲੇਖਕ ਨਿੰਦਰ ਘੁਗਿਆਣਵੀ ਪ੍ਰੋਫੈਸਰ ਆਫ ਪ੍ਰੈਕਟਿਸ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਨੇ ਵਧਾਈ ਦਿੰਦਿਆਂ ਨਵਦੀਪ ਦੀ ਛੋਟੀ ਆਯੂ ਵਿਚ ਲੱਗੀ ਸਾਹਿਤਕ ਲਗਨ ਦਾ ਜਿਕਰ ਕੀਤਾ ਤੇ ਦੱਸਿਆ ਕਿ ਕਲਮ ਦੀ ਕਲਾ ਨਾਲ ਨਵਦੀਪ ਨੂੰ ਆਪਣੇ ਬਚਪਨ ਵਿੱਚ ਹੀ ਪਿਆਰ ਹੋ ਗਿਆ ਸੀ। ਆਪਣੀ ਇਸ ਸਾਹਿਤਕ ਪ੍ਰਾਪਤੀ ਉਤੇ ਨਵਦੀਪ ਗਿਲ ਨੇ ਆਖਿਆ ਕਿ ਇਹ ਸਭ ਪ੍ਰਤਾਪ ਤੇ ਪਿਆਰ ਉਨਾਂ ਦੇ ਸ਼ੁਭ ਚਿੰਤਕਾਂ ਦਾ ਹੈ।