← ਪਿਛੇ ਪਰਤੋ
Babushahi Special: ਕਾਰਗਿਲ ਵਿਜੇ ਦਿਵਸ: ਪਹਿਲੇ ਸ਼ਹੀਦ ਦਾ ਬੁੱਤ ਲਾਉਣ ਵਾਰੀ ਮਿੱਟੀ ਦਾ ਮਾਧੋ ਬਣੀਆਂ ਸਰਕਾਰਾਂ
ਅਸ਼ੋਕ ਵਰਮਾ
ਬਠਿੰਡਾ,26ਜੁਲਾਈ2025: ਪੰਜਾਬ ਸਰਕਾਰ ਕਰੀਬ ਢਾਈ ਦਹਾਕੇ ਮਗਰੋਂ ਵੀ ਕਾਰਗਿਲ ਦੇ ਪਹਿਲੇ ਸ਼ਹੀਦ ਪਾਇਲਟ ਅਜੈ ਆਹੂਜਾ ਦਾ ਬੁੱਤ ਨਹੀਂ ਲਾ ਸਕੀ ਹੈ। ਅੱਜ ਜਦੋਂ ਭਾਰਤੀ ਫ਼ੌਜ ਨੇ 26ਵਾਂ ਕਾਰਗਿਲ ਦਿਵਸ ਮਨਾਇਆ ਹੈ ਤਾਂ ਅਜੈ ਆਹੂਜਾ ਦੇ ਬੁੱਤ ਦਾ ਮਾਮਲਾ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ। ਰੌਚਕ ਪਹਿਲੂ ਇਹ ਵੀ ਹੈ ਕਿ ਭਾਰਤੀ ਫ਼ੌਜ ਨੇ ਕਾਰਗਿਲ ਵਿਜੈ ਦਿਵਸ ਦੇ ਮੱਦੇਨਜ਼ਰ ‘ਘਰ ਘਰ ਸ਼ੌਰਿਆ ਸਨਮਾਨ’ ਮੁਹਿੰਮ ਤਹਿਤ ਕਾਰਗਿਲ ਦੇ ਹਰ ਸ਼ਹੀਦ ਦੇ ਘਰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਪਹੁੰਚਾਏ ਹਨ। ਤਾਂ ਵੀ ਸ਼ਹੀਦ ਅਜੈ ਆਹੂਜਾ ਦਾ ਬਠਿੰਡਾ ’ਚ ਬੁੱਤ ਲਾਉਣ ਦਾ ਐਲਾਨ ਹਕੀਕਤ ਨਹੀਂ ਬਣ ਸਕਿਆ ਹੈ। ਵੱਡੀ ਗੱਲ ਹੈ ਕਿ ਇਸ ਦੌਰਾਨ ਪੰਜ ਸਰਕਾਰਾਂ ਸੱਤਾ ਵਿੱਚ ਆਈਆਂ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਕਾਰਗਿਲ ਦੇ ‘ਅਪਰੇਸ਼ਨ ਵਿਜੈ’ ਦੇ ਪਹਿਲੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ 27 ਮਈ 1999 ਨੂੰ ਕਸ਼ਮੀਰ ਵਿਚ ਲਾਈਨ ਆਫ ਕੰਟਰੋਲ ’ਤੇ ਪਾਕਿਸਤਾਨੀ ਮਿਜ਼ਾਈਲ ਦੇ ਹਮਲੇ ਵਿੱਚ ਸ਼ਹੀਦ ਹੋਏ ਸਨ। ਅਜੇ ਆਹੂਜਾ ਦੀ ਤਾਇਨਾਤੀ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ਵਿੱਚ ਸੀ ਜਿਸ ਕਰਕੇ ਉਨ੍ਹਾਂ ਦਾ ਸਸਕਾਰ ਵੀ ਸਰਕਾਰੀ ਸਨਮਾਨਾਂ ਨਾਲ ਬਠਿੰਡਾ ਵਿੱਚ ਹੀ ਹੋਇਆ ਸੀ । ਮਗਰੋਂ ਇਸ ਸ਼ਹੀਦ ਲਈ ਵੀਰ ਚੱਕਰ ਸਨਮਾਨ ਐਲਾਨਿਆ ਗਿਆ। ਦੁਖਦਾਈ ਪਹਿਲੂ ਹੈ ਕਿ ਇਸ ਕੰਮ ਲਈ ਪੰਜਾਬ ਸਰਕਾਰ ਦੇ ਬੋਝੇ ਚੋਂ ਸਿਰਫ਼ ਤਿੰਨ ਲੱਖ ਰੁਪਏ ਨਹੀਂ ਨਿੱਕਲ ਸਕੇ ਹਨ। ਰੈੱਡ ਕਰਾਸ ਨੇ 1999 ਵਿੱਚ ‘ਗੂੰਗੇ-ਬੋਲੇ’ ਬੱਚਿਆਂ ਦੇ ਫ਼ੰਡਾਂ ’ਚੋਂ ਬੁੱਤ ਲਈ 50 ਹਜ਼ਾਰ ਰੁਪਏ ਦਾ ਡਰਾਫ਼ਟ ਦਿੱਲੀ ਦੀ ਫਰਮ ਨੂੰ ਭੇਜਿਆ ਸੀ। ਸੂਤਰ ਦੱਸਦੇ ਹਨ ਕਿ ਇਸ ਫ਼ਰਮ ਨੇ ਬੁੱਤ ਦਾ ਪੈਟਰਨ ਤਿਆਰ ਕਰ ਲਿਆ ਜੋਕਿ ਅਜੈ ਆਹੂਜਾ ਦੇ ਪਰਿਵਾਰ ਨੂੰ ਦਿਖਾ ਵੀ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਰੈੱਡ ਕਰਾਸ ਨੂੰ ਤਿੰਨ ਲੱਖ ਰੁਪਏ ਦੇਣ ਦੀ ਥਾਂ ਰੈੱਡ ਕਰਾਸ ਤੋਂ ਲਏ 50 ਹਜ਼ਾਰ ਰੁਪਏ ਵੀ ਵਾਪਸ ਕਰ ਦਿੱਤੇ ਸਨ। ਫਰਮ ਨੇ ਪੂਰੀ ਰਾਸ਼ੀ ਨਾ ਮਿਲਣ ਕਰਕੇ ਬੁੱਤ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਨੂੰ ਲੋਨ ਦੇ ਰੂਪ ਵਿੱਚ ਦਿੱਤੇ 50 ਹਜ਼ਾਰ ਰੁਪਏ ਵਾਪਸ ਲੈਣ ਲਈ ਵੀ ਰੈੱਡ ਕਰਾਸ ਨੂੰ ਲੰਮੀ ਜੱਦੋਜਹਿਦ ਕਰਨੀ ਪਈ ਸੀ। ਆਖ਼ਰ ਮਾਰਚ 2013 ਵਿੱਚ ਪੰਜਾਬ ਸਰਕਾਰ ਨੇ ਰੈੱਡ ਕਰਾਸ ਨੂੰ ਇਹ ਰਾਸ਼ੀ ਵਾਪਸ ਕਰ ਦਿੱਤੀ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੈਨਿਕ ਭਲਾਈ ਵਿਭਾਗ ਦੇ ਨਿਯਮਾਂ ਅਨੁਸਾਰ ਸਿਰਫ਼ ਪਰਮਵੀਰ ਚੱਕਰ ਜੇਤੂ ਦੇ ਬੁੱਤ ਲਈ ਹੀ ਖ਼ਜ਼ਾਨੇ ’ਚੋਂ ਰਾਸ਼ੀ ਜਾਰੀ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਪਤਨੀ ਅਲਕਾ ਆਹੂਜਾ ਨੂੰ ਪੈਟਰੋਲ ਪੰਪ ਜਾਰੀ ਕਰ ਦਿੱਤਾ ਸੀ । ਦਿੱਲੀ ਵਿਚ ਇੱਕ ਪਾਰਕ ਦਾ ਨਾਮ ਵੀ ਅਜੈ ਆਹੂਜਾ ਦੇ ਨਾਮ ’ਤੇ ਰੱਖਿਆ ਸੀ। ਉਸ ਤੋਂ ਪਿੱਛੋਂ ਪੰਜਾਬ ਸਰਕਾਰ ਨੇ ਸ਼ਹੀਦ ਦਾ ਬੁੱਤ ਲਾਉਣ ਲਈ ਕਦੇ ਦਿਲਚਸਪੀ ਨਹੀਂ ਦਿਖਾਈ। ਏਨਾ ਜ਼ਰੂਰ ਹੈ ਕਿ ਤਤਕਾਲੀ ਸੂਬਾ ਸਰਕਾਰ ਨੇ ਉਸ ਵੇਲੇ ਪਿੰਡ ਕਿੱਲੀ ਨਿਹਾਲ ਸਿੰਘ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਅਜੈ ਆਹੂਜਾ ਦੇ ਨਾਮ ’ਤੇ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕੀਤਾ ਸੀ ਐਲਾਨ ਕਾਰਗਿਲ ਜੰਗ ਦੌਰਾਨ ਅਪਰੇਸ਼ਨ ਵਿਜੈ ਦੇ ਪਹਿਲੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ ਦਾ ਬੁੱਤ ਲਾਉਣ ਦਾ ਐਲਾਨ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡਾ ਵਿੱਚ ਕੀਤਾ ਗਿਆ ਸੀ। ਰੈਡ ਕਰਾਸ ਦੇ ਇੱਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਉਦੋਂ ਮੁੱਖ ਮੰਤਰੀ ਨੇ ਰੈੱਡ ਕਰਾਸ ਨੂੰ ਬੁੱਤ ਵਾਸਤੇ ਰਾਸ਼ੀ ਦੇਣ ਲਈ ਜ਼ੁਬਾਨੀ ਹੁਕਮ ਕੀਤੇ ਸਨ ਪਰ ਬਾਅਦ ’ਚ ਮਸਲਾ ਕਿਸੇ ਸਿਰੇ ਨਾਂ ਲੱਗ ਸਕਿਆ ਅਤੇ ਸਰਕਾਰ ਨੇ ਪੈਸਾ ਦੇਣ ਤੋਂ ਚੁੱਪ ਵੱਟੀ ਰੱਖੀ। ਕਪਤਾਨੀ ਵਾਅਦਾ ਵੀ ਨਹੀਂ ਪੂਰਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਪ੍ਰਚਾਰ ਲਈ ਬਠਿੰਡਾ ਆਏ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਚੌਂਕ ’ਚ ਸ਼ਹੀਦ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਮੰਦੀ ਹਾਲਤ ਨੂੰ ਦੇਖਦਿਆਂ ਸਫਾਈ ਕਰਕੇ ਆਖਿਆ ਸੀ ਕਿ ਜੇਕਰ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸੰਭਾਲ ਕੀਤੀ ਜਾਏਗੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਭੌਜ ਵਿੱਚ ਸੇਵਾ ਨਿਭਾਈ ਹੋਣ ਕਰਕੇ ਇਹ ਗੱਲ ਕਹਿਣ ਕਾਰਨ ਕਾਰਗਿਲ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦੀ ਯਾਦ ’ਚ ਬੁੱਤ ਲੱਗਣ ਦੀ ਆਸ ਬੱਝੀ ਸੀ ਜੋ ਨਾਂ ਕੈਪਟਨ ਸਰਕਾਰ ਦੌਰਾਨ ਤੇ ਨਾਂਹੀ ਉਸ ਮਗਰੋਂ ਵੀ ਪੂਰੀ ਨਹੀਂ ਹੋ ਸਕੀ ਹੈ । ਧਨਾਢਾਂ ਨੂੰ ਗੱਫੇ ਸ਼ਹੀਦਾਂ ਨੂੰ ਧੱਫੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਆਗੂ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸਰਕਾਰਾਂ ਧਨਾਢ ਕਾਰਪੋਰੇਟ ਘਰਾਣਿਆਂ ਨੂੰ ਰਿਆਇਤਾਂ ਦੇ ਗੱਫੇ ਦਿੰਦੀਆਂ ਆ ਰਹੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਸ਼ਹੀਦਾਂ ਵਾਰੀ ਖਜ਼ਾਾਨਾ ਖਾਲੀ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਸੁਹਿਰਦ ਹੁੰਦੀ ਤਾਂ ਇੱਕ ਬੁੱਤ ਲਾਉਣਾ ਕਿਸੇ ਵੀ ਹਕੂਮਤ ਲਈ ਕੋਈ ਵੱਡਾ ਮਸਲਾ ਨਹੀਂ ਹੁੰਦਾ ਹੈ। ਉਨ੍ਹਾਂ ਸਰਕਾਰਾਂ ਨੂੰ ਆਪਣੇ ਫੋਕੇ ਵਾਅਦਿਆਂ ਦੀ ਲਪੇਟ ’ਚ ਲਿਆਉਣ ਤੋਂ ਘੱਟੋ ਘੱਟ ਸ਼ਹੀਦਾਂ ਨੂੰ ਬਖਸ਼ਣ ਦੀ ਨਸੀਹਤ ਵੀ ਦਿੱਤੀ ਹੈ। ਮਾਮਲਾ ਕਾਫੀ ਪੁਰਾਣਾ:ਸਕੱਤਰ ਰੈੱਡ ਕਰਾਸ ਬਠਿੰਡਾ ਦੇ ਸਕੱਤਰ ਦਰਸ਼ਨ ਕੁਮਾਰ ਨੇ ਇਸ ਸਬੰਧੀ ਅਣਜਾਣਤਾ ਜਤਾਉਂਦਿਆਂ ਕਿਹਾ ਕਿ ਮਾਮਲਾ ਪੁਰਾਣਾ ਹੈ ਜਦੋਂਕਿ ਉਹ ਰੈਡ ਕਰਾਸ ਵਿੱਚ ਬਾਅਦ ’ਚ ਆਏ ਹਨ।
Total Responses : 519