ਅੱਧੀ ਰਾਤ ਨੂੰ ਹੋ ਗਿਆ Encounter
ਬਲਰਾਜ ਸਿੰਘ ਰਾਜਾ
ਬਿਆਸ, 27 ਜੁਲਾਈ, 2025 : ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਇਲਾਕੇ ਵਿੱਚ ਪੁਲਿਸ ਨੇ ਅੱਜ ਦੇਰ ਰਾਤ ਇੱਕ ਮੁਕਾਬਲੇ ਦੌਰਾਨ 14 ਸਾਲਾ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਦੇ ਕਤਲ ਦੇ ਕਥਿਤ ਮੁੱਖ ਦੋਸ਼ੀ ਕਰਨ ਸਿੰਘ ਉਰਫ ਲੂੰਬੜ ਨੂੰ ਜ਼ਖਮੀ ਕਰਕੇ ਕਾਬੂ ਕਰ ਲਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਨੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਈਆਂ।
ਐਨਕਾਊਂਟਰ ਦਾ ਵੇਰਵਾ
ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਚਓ ਮਹਿਤਾ, ਇੰਸਪੈਕਟਰ ਹਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਪਿੰਡ ਖੱਬੇ ਰਾਜਪੂਤਾਂ ਤੋਂ ਬੋਜਾ ਰੋਡ 'ਤੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ, ਜਿਸਦੀ ਪਛਾਣ ਕਰਨ ਸਿੰਘ ਉਰਫ ਲੂੰਬੜ ਪੁੱਤਰ ਅੰਗਰੇਜ ਸਿੰਘ ਵਾਸੀ ਚਵਿੰਡਾ ਦੇਵੀ ਵਜੋਂ ਹੋਈ, ਨੇ ਨਾਕਾਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਉੱਤੇ ਤਿੰਨ ਰਾਊਂਡ ਫਾਇਰਿੰਗ ਕੀਤੀ।
ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਚਲਾਈਆਂ ਗਈਆਂ ਦੋ ਗੋਲੀਆਂ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਸੱਜੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਬਰਾਮਦਗੀ ਅਤੇ ਪਿਛਲਾ ਮਾਮਲਾ
ਪੁਲਿਸ ਨੇ ਮੁਲਜ਼ਮ ਕੋਲੋਂ ਇੱਕ 9 ਐਮ.ਐਮ. ਪਿਸਟਲ, 03 ਜ਼ਿੰਦਾ ਰੌਂਦ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀ.ਐਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਕਰਨ ਸਿੰਘ ਉਕਤ ਥਾਣਾ ਮਹਿਤਾ ਵਿਖੇ ਮੁਕੱਦਮਾ ਨੰਬਰ 17 ਮਿਤੀ 08.03.2025 (ਜੁਰਮ 103(1), 3(5) BNS, 25 ਆਰਮਜ਼ ਐਕਟ) ਵਿੱਚ ਲੋੜੀਂਦਾ ਸੀ। ਇਹ ਮੁਕੱਦਮਾ 8 ਮਾਰਚ 2025 ਨੂੰ ਪਿੰਡ ਖੱਬੇ ਰਾਜਪੂਤਾਂ ਦੇ ਗਰਾਊਂਡ ਵਿੱਚ ਚੱਲ ਰਹੇ ਫੁੱਟਬਾਲ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੌਰਾਨ ਹੋਈ ਗੋਲੀਬਾਰੀ ਨਾਲ ਸਬੰਧਤ ਹੈ। ਉਸ ਦਿਨ ਦੋ ਅਣਪਛਾਤੇ ਵਿਅਕਤੀਆਂ ਨੇ ਉੱਥੇ ਮੌਜੂਦ ਗੁਰਪ੍ਰੀਤ ਸਿੰਘ ਉਰਫ ਫੌਜੀ 'ਤੇ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ ਸੀ। ਇਸ ਫਾਇਰਿੰਗ ਦੌਰਾਨ ਇੱਕ ਗੋਲੀ 14 ਸਾਲ ਦੇ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਦੇ ਲੱਕ ਵਿੱਚ ਲੱਗ ਗਈ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ।
ਉਕਤ ਮਾਮਲੇ ਤੋਂ ਬਾਅਦ ਪੁਲਿਸ ਲਗਾਤਾਰ ਕਥਿਤ ਮੁਲਜ਼ਮ ਦੀ ਭਾਲ ਕਰ ਰਹੀ ਸੀ ਅਤੇ ਅੱਜ ਉਸਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ।