ਦੁਕਾਨਦਾਰ ਅਤੇ ਰੇਹੜੀ ਆਦਿ ਵਾਲੇ ਪੋਲੀਥਨ/ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ
- ਨਹੀਂ ਤਾਂ ਮਿਊਂਸੀਪਲ ਐਕਟ 1976 ਤਹਿਤ ਹੋਵੇਗੀ ਕਾਰਵਾਈ-ਕਮਿਸ਼ਨਰ ਬਟਾਲਾ
ਰੋਹਿਤ ਗੁਪਤਾ
ਬਟਾਲਾ, 26 ਜੁਲਾਈ 2025 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੁਕਾਨਦਾਰਾਂ ਅਤੇ ਰੇਹੜੀਆਂ ਆਦਿ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੋਲੀਥਨ (ਪਲਾਸਟਿਕ) ਲਿਫਾਫਿਆਂ ਦੀ ਵਰਤੋਂ ਨਾ ਕਰਨ।
ਉਨ੍ਹਾਂ ਦੱਸਿਆ ਕਿ ਪੋਲੀਥਨ ਦੇ ਲਿਫਾਫਿਆਂ ਦੀ ਵਰਤੋਂ ਕਾਰਨ ਸਫਾਈ ਰੱਖਣ ਕਰਨ ਸਮੇਂ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ। ਕੂੜੇ ਨੂੰ ਸੈਗਰੀਕੇਟ ਭਾਵ ਗਿੱਲੇ ਤੇ ਸੁੱਕੇ ਨੂੰ ਵੱਖ-ਵੱਖ ਕਰਨ ਲੱਗਿਆਂ ਸਫਾਈ ਸੇਵਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੋਲੀਥਨ ਦੇ ਲਿਫਾਫਿਆਂ ਦੀ ਵਰਤੋਂ ਕਰਨ ਨਾਲ ਗੰਭੀਰ ਬਿਮਾਰੀਆਂ ਪੈਦਾ ਹੁੰਦੀਆਂ ਹਨ, ਜੋ ਲੋਕਾਂ ਦੀ ਸਿਹਤ ਲਈ ਬਹੁਤ ਖਤਰਨਾਕ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਦੁਕਾਨਾਂ ਤੇ ਰੇਹੜੀਆਂ ਆਦਿ ਵਾਲਿਆਂ ਦੀ ਚੈਕਿੰਗ ਕਰਨ ਲਈ ਟੀਮ ਦਾ ਗਠਨ ਕੀਤਾ ਜਾ ਚੁੱਕਾ ਹੈ। ਇਸ ਲਈ ਦੁਕਾਨਦਾਰਾਂ ਅਤੇ ਰੇਹੜੀਆਂ ਆਦਿ ਵਾਲਿਆਂ ਨੂੰ ਅਪੀਲ ਹੈ ਕਿ ਉਹ ਕਾਗਜ਼ੀ ਲਿਫਾਫੇ ਹੀ ਵਰਤਣ ਨਹੀਂ ਤਾਂ ਉਨ੍ਹਾਂ ਖਿਲਾਫ਼ ਮਿਊਂਸੀਪਲ ਐਕਟ 1976 ਰਾਹੀਂ ਕਾਰਵਾਈ ਕੀਤੀ ਜਾਵੇਗੀ।
ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਨ ਖ਼ਰੀਦ ਕਰਨ ਸਮੇਂ ਆਪਣੇ ਘਰ ਤੋਂ ਹੀ ਕੱਪੜੇ ਦਾ ਬੈਗ/ਥੈਲਾਂ ਨਾਲ ਲੈ ਕੇ ਜਾਣ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਭਨਾਂ ਦੇ ਸਾਥ ਨਾਲ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਸ਼ਹਿਰ ਵਿੱਚ ਗੰਦਗੀ ਅਤੇ ਸੀਵਰੇਜ਼ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।