ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਧੂਮ ਧਾਮ ਨਾਲ ਮਨਾਇਆ ਤੀਆਂ ਤੀਜ ਦੀਆਂ ਦਾ ਤਿਉਹਾਰ
ਅਸ਼ੋਕ ਵਰਮਾ
ਭਗਤਾ ਭਾਈ, 26 ਜੁਲਾਈ 2025: ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਹਰ ਖਾਸ ਤਿਉਹਾਰਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ।ਆਕਸਫੋਰਡ ਸਕੂਲ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਮੱਲ਼ਾਂ ਮਾਰ ਰਿਹਾ ਹੈ।ਉੱਥੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸੇ ਸੋਚ ਅਧੀਨ ਅੱਜ ਸਕੂਲ ਵਿੱਚ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਪ੍ਰੀ-ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀਮਤੀ ਸੁਨੀਤਾ ਦੇ ਸ਼ਿਰਕਤ ਕਰਨ ਪਿਛੋਂ ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੇ ਤਿਉਹਾਰ ਦੀ ਮਹਤੱਤਾ ਉੱਤੇ ਚਾਨਣ ਪਾ ਕੇ ਕੀਤੀ ਗਈ।
ਇਸ ਤੋਂ ਬਾਅਦ ਵਿਦਿਆਰਥਣਾਂ ਦੇ ਵੱਖ-ਵੱਖ ਤਿੰਨ ਸਮੂਹਾਂ ਵੱਲੋਂ ਡਾਂਸ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਸੱਭਿਆਚਾਰ ਨੂੰ ਦਰਸਾਉਂਦੇ ਟੱਪੇ ਗਾ ਕੇ ਵਿਦਿਆਰਥਣਾਂ ਰੂਪੀ ਸਰੋਤਿਆਂ ਦਾ ਮਨੋਰੰਜਨ ਕੀਤਾ।ਪੰਜਾਬਣਾਂ ਦੀ ਰਿਵਾਇਤੀ ਪੁਸ਼ਾਕ ਵਿੱਚ ਸਜੀਆਂ ਨੰਨੀਆਂ ਵਿਦਿਆਰਥਣਾਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ।ਤੀਆਂ ਤੀਜ ਦੀਆਂ ਦਾ ਇਹ ਸੱਭਿਆਚਾਰਕ ਪ੍ਰੋਗਰਾਮ ਉਦੋਂ ਸਿਖ਼ਰ ਤੇ ਪਹੁੰਚ ਗਿਆ ਜਦੋਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਲੋਕ ਨਾਚ ‘ਗਿੱਧਾ’ ਪੇਸ਼ ਕੀਤਾ ਗਿਆ ਜੋ ਕਿ ਹਰ ਇੱਕ ਦੇ ਦਿਲ ਨੂੰ ਟੁੰਬਦਾ ਸੀ ਅਤੇ ਇਸਦੀ ਧਮਕ ਨੇ ਹਰ ਇੱਕ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਸੁਨੀਤਾ ਨੇ ਮਿਸ ਤੀਜ ਦਾ ਤਾਜ ਗੁਰਕੀਰਤ ਕੌਰ ਜਮਾਤ ਚੌਥੀ ਰੋਜ਼, ਮਿਸ ਪੰਜਾਬਣ ਦਾ ਤਾਜ ਏਕਮਪ੍ਰੀਤ ਕੌਰ ਜਮਾਤ ਨੌਵੀਂ ਸਨਫਲਾਵਰ ਦੇ ਸਿਰ ਤੇ ਸਜਾਇਆ ਗਿਆ।ਹਰਸੋਵਨਪ੍ਰੀਤ ਕੌਰ ਜਮਾਤ ਬਾਰ੍ਹਵੀਂ ਦੀ ਵਿਦਿਆਰਥਣ ਨੂੰ ਗਿੱਧਿਆ ਦੀ ਰਾਣੀ ਦਾ ਐਵਾਰਡ ਦਿੱਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਵਿਦਿਆਰਥਣਾਂ ਨਾਲ ਤੀਜ ਦਾ ਤਿਉਹਾਰ, ਜੋ ਹਰਿਆਲੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ, ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਸੂਬੇ ਦੀ ਹਰਿਆਲੀ ਨੂੰ ਸੰਭਾਲਦੇ ਹੋਏ ਖੁਸ਼ਹਾਲੀ ਵਿੱਚ ਵਾਧਾ ਕਰੀਏ।
ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਵੀ ਮੌਜੂਦ ਸਨ।ਉਹਨਾਂ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੀਏ ਕਿ ਸਾਡੀ ਆਉਣ ਵਾਲੀ ਪੀੜੀ੍ਹ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਹੋ ਸਕੇ। ਇਸ ਤਰ੍ਹਾਂ “ਤੀਆਂ ਤੀਜ ਦੀਆਂ" ਦਾ ਇਹ ਪ੍ਰੋਗਰਾਮ ਅਜੋਕੀ ਪੀੜੀ੍ਹ ਨੂੰ ਪੁਰਾਣੀ ਪੀੜ੍ਹੀ ਨਾਲ ਜੋੜਦਾ ਹੋਇਆ ਅਮਿੱਟ ਯਾਦਾਂ ਛੱਡ ਗਿਆ।