ਅਕਾਲੀ ਦਲ ਵੱਲੋਂ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਜਾਨਾਂ ਬਚਾਉਣ ਵਾਲੇ ਕ੍ਰਿਸ਼ਨਾ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2025 : ਤਿੰਨ ਦਿਨ ਪਹਿਲਾਂ ਸਰਹਿੰਦ ਨਹਿਰ ਬਠਿੰਡਾ ਵਿੱਚ ਡਿੱਗੀ ਕਾਰ ਵਿੱਚੋਂ 11 ਜਾਨਾਂ ਬਚਾਉਣ ਵਾਲੇ ਸਮਾਜ ਦੇ ਅਸਲ ਨਾਇਕ ਕ੍ਰਿਸ਼ਨਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਟੀਮ ਵੱਲੋਂ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਨਾਲ ਸਰਕਲ ਪ੍ਰਧਾਨ ਹਰਵਿੰਦਰ ਸ਼ਰਮਾ ਗੰਜੂ, ਗੁਰਸੇਵਕ ਸਿੰਘ ਮਾਨ, ਗੁਰਪ੍ਰੀਤ ਸੰਧੂ, ਹੈਪੀ ਸ਼ਰਮਾ, ਬਲਜੀਤ ਸਿੰਘ, ਰੋਹਿਤ ਕੁਮਾਰ, ਗੌਰਵ ਚਿੰਕਾ ਅਤੇ ਸਰਕਲ ਨੰਬਰ 14 ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ। ਇਸ ਦੌਰਾਨ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕ੍ਰਿਸ਼ਨਾ ਦਾ ਸਨਮਾਨ ਕਰਦਿਆਂ ਉਸ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ। ਬਬਲੀ ਢਿੱਲੋਂ ਨੇ ਕਿਹਾ ਕਿ ਜਿਸ ਸਮੇਂ ਕਾਰ ਸਰਹਿੰਦ ਨਹਿਰ ਵਿੱਚ ਡਿੱਗੀ, ਉਸ ਸਮੇਂ ਕ੍ਰਿਸ਼ਨਾ ਕਾਂਵੜ ਲੈ ਕੇ ਬਠਿੰਡਾ ਆਇਆ ਸੀ, ਜਿਸਨੇ ਡਿੱਗਦੀ ਕਾਰ ਨੂੰ ਦੇਖ ਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਕਾਰ ਸਵਾਰ 11 ਕੀਮਤੀ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਪੁਲਿਸ ਵਿਭਾਗ ਦੇ ਹੌਲਦਾਰ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਜਾਨਾਂ ਬਚਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਸ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਪੁਲਿਸ ਮੁਲਾਜ਼ਮਾਂ ਦਾ ਹੌਸਲਾ ਵੀ ਵਧਾਇਆ। ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਕ੍ਰਿਸ਼ਨਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਸੀ, ਪਰ ਪ੍ਰਸ਼ਾਸਨ ਨੇ ਉਸ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ।
ਅਕਾਲੀ ਆਗੂ ਨੇ ਕਿਹਾ ਕਿ ਸਮਾਜ ਦੇ ਅਸਲ ਨਾਇਕ ਕ੍ਰਿਸ਼ਨਾ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਅਗਸਤ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਕ੍ਰਿਸ਼ਨਾ ਨੇ ਸਭ ਤੋਂ ਪਹਿਲਾਂ ਜਾਨਾਂ ਬਚਾਉਣ ਲਈ ਨਹਿਰ ਵਿੱਚ ਛਾਲ ਮਾਰੀ ਸੀ ਅਤੇ ਸੰਘਰਸ਼ ਸ਼ੁਰੂ ਕੀਤਾ ਸੀ, ਜੋ ਕਿ ਸਮਾਜ, ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਚੰਗਾ ਕੰਮ ਕਰਨ ਵਾਲੇ ਲੋਕਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਨੌਜਵਾਨਾਂ ਨੂੰ ਚੰਗਾ ਸੁਨੇਹਾ ਮਿਲ ਸਕੇ ਅਤੇ ਨੌਜਵਾਨ ਵੀ ਚੰਗੇ ਕੰਮ ਵੱਲ ਵਧ ਸਕਣ।