ਮਕੌੜਾ ਪੱਤਣ ਤੋਂ ਦਰਿਆ ਦੇ ਪਾਰ ਵਾਲੇ ਪਿੰਡਾਂ ਨੂੰ ਸਾਰੀਆਂ ਜ਼ਰੂਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ - ਸਿਵਲ ਸਰਜਨ ਗੁਰਦਾਸਪੁਰ
ਰੋਹਿਤ ਗੁਪਤਾ
ਗੁਰਦਾਸਪੁਰ 31 ਜੁਲਾਈ 2025 - ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਮਕੋੜਾ ਪੱਤਨ ਤੋਂ ਦਰਿਆ ਦੇ ਪਾਰ ਵਾਲੇ ਪਿੰਡਾ ਨੂੰ ਸਾਰੀ ਜਰੂਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਦਰਿਆ ਪਾਰ ਦੇ 7 ਪਿੰਡਾ ਵਿੱਚ ਰਹਿ ਰਹੇ ਲੋਕਾਂ ਨੂੰ ਸਾਰੀ ਬੁਨਿਆਦੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਵਰਨਣਯੋਗ ਹੈ ਕਿ ਹਰ ਸਾਲ ਮਾਨਸੂਨ ਸੀਜਨ ਵਿੱਚ ਦਰਿਆ ਰਾਵੀ ਵਿੱਚ ਪਾਣੀ ਜਿਆਦਾ ਆਉਣ ਕਾਰਨ ਖੇਤਰ ਦੇ ਕੁੱਝ ਪਿੰਡ ਬਾਕੀ ਹਿੱਸੇ ਤੋਂ ਕੱਟੇ ਜਾਂਦੇ ਹਨ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਪਾਰ ਵਾਲੇ ਕਰੀਬ 7 ਪਿੰਡਾਂ ਵਿੱਚ 9 ਗਰਭਵਤੀ ਮਾਵਾਂ ਰਜਿਸਟਰ ਹਨ। ਇਨ੍ਹਾਂ ਵਿੱਚੋ 2 ਗਰਭਵਤੀ ਮਾਵਾਂ ਦਾ ਜਣੇਪਾ ਹੋ ਚੁੱਕਾ ਹੈ। ਇਹਨਾਂ ਮਾਵਾਂ ਵਿੱਚੋ ਜਿੰਨਾਂ ਦਾ ਜਣੇਪਾ ਅਕਤੂਬਰ ਮਹੀਨੇ ਹੋਣਾ ਹੈ ਉਹਨਾਂ ਨੂੰ ਦਰਿਆ ਆਰ ਦੇ ਪਿੰਡਾਂ ਵਿੱਚ ਲੈ ਆਂਉਦਾ ਹੈ। ਸਿਹਤ ਅਮਲੇ ਵੱਲੋਂ ਇਨ੍ਹਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਇਹ ਠੀਕਠਾਕ ਹਨ। ਗਰਭਵਤੀ ਮਾਵਾਂ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਸਮੇਂ ਸਿਰ ਸਿਹਤ ਸੰਸਥਾ ਵਿੱਚ ਭੇਜਿਆ ਜਾਵੇਗਾ । ਬਾਕੀ ਗਰਭਵਤੀ ਮਾਵਾਂ ਵੀ ਠੀਕ ਹਨ ਅਤੇ ਲਗਾਤਾਰ ਸਿਹਤ ਅਮਲੇ ਦੇ ਸੰਪਰਕ ਵਿੱਚ ਹਨ। ਦਰਿਆ ਪਾਰ ਵਾਲੇ ਪਿੰਡਾਂ ਵਿੱਚ ਮਰੀਜਾਂ ਦਾ ਮੁਆਇਨਾ ਆਯੁਸ਼ਮਾਨ ਅਰੋਗਿਆ ਕੇਂਦਰ ਤੂਰ ਚਿੱਬ ਦੇ ਕਮਿਊਨਿਟੀ ਹੈਲਥ ਅਫ਼ਸਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਉਪਲਬਧ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੇ ਆਯੁਸ਼ਮਾਨ ਅਰੋਗਿਆ ਕੇਂਦਰ ਤੂਰ ਚਿੱਬ (ਦਰਿਆ ਪਾਰ ਵਿੱਚ ਮੋਜੂਦ ਸਿਹਤ ਕੇਂਦਰ )ਦੇ ਮੁਲਾਜ਼ਮ ਸਮੇਂ ਸਮੇਂ ਪਿੰਡਾਂ ਦਾ ਸਰਵੇ ਕਰਦੇ ਹਨ।
ਸਹੂਲਤ ਦੇ ਤੌਰ ਤੇ ਸੀਨੀਅਰ ਮੈਡੀਕਲ ਅਫ਼ਸਰ, ਸੀਐਚਓ, ਆਸ਼ਾ ਵਰਕਰਾਂ ਦਾ ਫੋਨ ਨੰਬਰ ਸੈਂਟਰ ਅਤੇ ਪਿੰਡ ਦੇ ਗੁਰੂਦਵਾਰਾ ਸਾਹਿਬ ਵਿੱਚ ਲਿਖੇ ਗਏ ਹਨ। ਉਨ੍ਹਾਂ ਦੱਸਿਆ ਕਿ ਦਰਿਆ ਪਾਰ ਪਿੰਡਾਂ ਦਾ 5 ਟੀਮਾਂ ਨੇ ਘਰ ਘਰ ਜਾ ਕੇ ਸਰਵੇ ਕਰ ਲਿਆ ਹੈ।
ਸੀਨੀਅਰ ਮੈਡੀਕਲ ਅਫਸਰ ਬਹਿਰਾਮਪੁਰ ਡਾਕਟਰ ਬ੍ਰਿਜੇਸ਼ ਨੇ ਦੱਸਿਆ ਕਿ ਦਰਿਆ ਪਾਰ ਵਾਲੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨਾਲ ਰਾਬਤਾ ਕਾਇਮ ਹੈ। ਮਾਨਸੂਨ ਵਿੱਚ ਬਦਲੇ ਹਾਲਾਤਾਂ ਅਨੁਸਾਰ ਪ੍ਰਸ਼ਾਸ਼ਨ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਬੀਐਸਐਫ ਅਧਿਕਾਰੀਆਂ ਨਾਲ ਰਾਬਤਾ ਕਾਇਮ ਹੈ ਅਤੇ ਜਰੂਰਤ ਪੈਣ ਤੇ ਉਨਾਂ ਦੀ ਮਦਦ ਲਈ ਜਾਵੇਗੀ। ਬੀਐਸਐਫ ਦੀ ਪੋਸਟ ਤੇ 1 ਅਗਸਤ ਨੂੰ ਸਰਵੇ ਕੀਤਾ ਜਾਵੇਗਾ ਅਤੇ ਸਪਰੇਅ ਕਰਵਾਈ ਜਾਵੇਗੀ।