ਪੰਜਾਬ ਸਰਕਾਰ ਸਿਵਲ ਹਸਪਤਾਲਾਂ ’ਚ ਚਾਰ-ਪਰਤੀ ਬੈਕਅੱਪ ਸਿਸਟਮ ਲਾਗੂ ਕਰੇਗੀ: ਡਾ. ਬਲਬੀਰ ਸਿੰਘ
- ਸਿਹਤ ਮੰਤਰੀ ਨੇ ਕਿਹਾ ਸੂਬੇ ਭਰ ’ਚ ਨਿਰਵਿਘਨ ਆਕਸੀਜ਼ਨ, ਬਿਜਲੀ ਤੇ ਐਮਰਜੈਂਸੀ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ
- ਦੁਖਾਂਤ ਦਾ ਸਿਆਸੀਕਰਨ ਕਰਨ ਲਈ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਕੀਤੀ ਨਿੰਦਾ
ਜਲੰਧਰ, 31 ਜੁਲਾਈ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਿਰਵਿਘਨ ਆਕਸੀਜ਼ਨ ਤੇ ਬਿਜਲੀ ਸਪਲਾਈ, ਅੱਗ ਬੁਝਾਊ ਪ੍ਰਣਾਲੀਆਂ, ਪਾਣੀ ਅਤੇ ਸੈਨੀਟੇਸ਼ਨ ਸੇਵਾਵਾਂ ਯਕੀਨੀ ਬਣਾਉਣ ਲਈ ਇਕ ਮਜ਼ਬੂਤ ਚਾਰ-ਪਰਤੀ ਬੈਕਅੱਪ ਸਿਸਟਮ ਸਥਾਪਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਭਵਿੱਖ ਵਿੱਚ ਮਰੀਜ਼ਾਂ ਦੀ ਸੁਰੱਖਿਆ ਵਿੱਚ ਹੋਣ ਵਾਲੀ ਕਿਸੇ ਵੀ ਗਲਤੀ ਨੂੰ ਰੋਕਣ ਲਈ ਕ੍ਰਿਟੀਕਲ ਕੇਅਰ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਕੈਬਨਿਟ ਮੰਤਰੀ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦਾ ਦੌਰਾ ਕਰ ਰਹੇ ਸਨ, ਜਿੱਥੇ ਉਨ੍ਹਾਂ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਿਵਸਥਾ ਸਬੰਧੀ ਸੁਧਾਰਾਂ ਲਈ ਅਹਿਮ ਨਿਰਦੇਸ਼ ਦਿੱਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਸਿੰਘ ਨੇ ਉੱਚ ਪੱਧਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ ਕਿ ਵਿਵਸਥਾ ’ਚ ਖਾਮੀਆਂ ਕਾਰਨ ਜਾਨਾਂ ਨੂੰ ਜੋਖਮ ਵਿੱਚ ਨਹੀਂ ਪਾਇਆ ਜਾ ਸਕਦਾ।
ਜਲੰਧਰ ਸਿਵਲ ਹਸਪਤਾਲ ਵਿੱਚ ਤਿੰਨ ਮਰੀਜ਼ਾਂ ਦੀ ਦੁਖਦਾਈ ਮੌਤ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਖਾਮੀਆਂ ਦਾ ਵਿਸਥਾਰ ਨਾਲ ਪਤਾ ਲਗਾਉਣ ਲਈ ਇੱਕ ਫਾਲੋ-ਅੱਪ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਈ.ਸੀ.ਯੂ. ਵਿੱਚ ਗਲਤੀ ਦੀ ਕੋਈ ਗੁਜਾਇੰਸ਼ ਨਹੀਂ ਹੈ। ਜਾਂਚ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸਟਾਫਿੰਗ ਵਿੱਚ ਸੁਧਾਰਾਂ ’ਤੇ ਚਾਨਣਾ ਪਾਉਂਦਿਆਂ ਡਾ. ਸਿੰਘ ਨੇ ਦੱਸਿਆ ਕਿ ਹਾਊਸ ਸਰਜਨਾਂ ਨੂੰ ਹੁਣ ਪ੍ਰਤੀ ਮਹੀਨਾ 70,000 ਰੁਪਏ ਤੋਂ ਵੱਧ ਭੁਗਤਾਨ ਕੀਤਾ ਜਾ ਰਿਹਾ ਹੈ - ਜੋ ਕਿ ਪਿਛਲੇ ਸਟਾਈਪੇਂਡ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ, ਜਿਸ ਨਾਲ ਸਰਕਾਰੀ ਹਸਪਤਾਲਾਂ ਵਿੱਚ ਭਰਤੀਆਂ ਵਿੱਚ ਵਾਧਾ ਹੋਇਆ ਹੈ।
ਕੈਬਨਿਟ ਮੰਤਰੀ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਇਸ ਦੁਖਾਂਤ ਦਾ ਸਿਆਸੀਕਰਨ ਕਰਨ ਲਈ ਆਲੋਚਨਾ ਕਰਦਿਆਂ ਸਵਾਲ ਕੀਤਾ ਕਿ ਉਨ੍ਹਾਂ ਦੇ ਦਹਾਕਿਆਂ ਲੰਬੇ ਸ਼ਾਸਨ ਦੌਰਾਨ ਕਾਰਜਸ਼ੀਲ ਆਕਸੀਜਨ ਪਲਾਂਟ ਅਤੇ ਹੋਟਲਾਈਨ ਪ੍ਰਣਾਲੀਆਂ ਕਦੇ ਵੀ ਕਿਉਂ ਯਕੀਨੀ ਨਹੀਂ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਂਗਲੀਆਂ ਚੁੱਕਣ ਦੀ ਬਜਾਏ ਉਨ੍ਹਾਂ ਨੂੰ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਅਸਫ਼ਲਤਾ 'ਤੇ ਆਤਮ-ਚਿੰਤਨ ਕਰਨਾ ਚਾਹੀਦਾ ਹੈ।
ਡਾ. ਸਿੰਘ ਨੇ ਖੁਦ ਆਕਸੀਜ਼ਨ ਪਲਾਂਟ ਅਤੇ ਪਾਵਰ ਬੈਕਅੱਪ ਸਿਸਟਮ ਦਾ ਨਿਰੀਖਣ ਕੀਤਾ ਅਤੇ ਦੁਖੀ ਪਰਿਵਾਰਾਂ ਨੂੰ ਪੂਰੀ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਣ।