ਬੱਸ ਅੱਡਾ ਮਾਮਲਾ: ਦੁਕਾਨਾਂ ਬੰਦ ਕਰਕੇ ਪਹਿਲੀ ਅਗਸਤ ਨੂੰ ਹੋਵੇਗਾ ਸ਼ਾਂਤੀ ਮਾਰਚ
ਅਸ਼ੋਕ ਵਰਮਾ
ਬਠਿੰਡਾ,31 ਜੁਲਾਈ 2025: ਬੱਸ ਸਟੈਂਡ ਨੂੰ ਮੌਜੂਦਾ ਸਥਾਨ ’ਤੇ ਰੱਖਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਜਨਤਕ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ, ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਨੇ 1 ਅਗਸਤ ਨੂੰ ਦੁਪਹਿਰ 12 ਵਜੇ ਤੱਕ ਬੱਸ ਸਟੈਂਡ ਤੋਂ ਕੋਰਟ ਰੋਡ ਤੱਕ ਸਾਰੀਆਂ ਦੁਕਾਨਾਂ ਬੰਦ ਰੱਖਣ ਅਤੇ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ ਨੇ ਕਿਹਾ ਕਿ ਇਹ ਬੰਦ ਪੂਰੀ ਤਰ੍ਹਾਂ ਸਵੈ-ਇੱਛਤ ਹੋਵੇਗਾ, ਜਿਸ ਦਾ ਉਦੇਸ਼ ਪ੍ਰਸ਼ਾਸਨ ਨੂੰ ਇਹ ਸੁਨੇਹਾ ਦੇਣਾ ਹੈ ਕਿ ਜਨਤਾ ਸ਼ਹਿਰ ਦੇ ਦਿਲ ਵਿੱਚ ਸਥਿਤ ਮੌਜੂਦਾ ਬੱਸ ਸਟੈਂਡ ਨੂੰ ਢੁਕਵਾਂ ਸਮਝਦੀ ਹੈ।
ਕਮੇਟੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਨਤਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਬੱਸ ਸਟੈਂਡ ਨੂੰ ਕਿਤੇ ਹੋਰ ਤਬਦੀਲ ਕਰਨ ਦੀ ਯੋਜਨਾ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਹ ਸੌ ਦਿਨਾਂ ਦਾ ਸੰਘਰਸ਼ ਜਨਤਾ ਦੀ ਆਵਾਜ਼ ਬਣ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਪ੍ਰਸ਼ਾਸਨ ਇਸ ਬਾਰੇ ਅੰਤਿਮ ਫੈਸਲਾ ਲਵੇ ਅਤੇ ਮੌਜੂਦਾ ਸਥਾਨ ਨੂੰ ਸਥਾਈ ਤੌਰ ’ਤੇ ਬਣਾਈ ਰੱਖਣ ਦਾ ਐਲਾਨ ਕਰੇ। ਇਸ ਮੌਕੇ ਕਮੇਟੀ ਵੱਲੋਂ ਇੱਕ ਸ਼ਾਂਤੀ ਮਾਰਚ ਵੀ ਕੱਢਿਆ ਜਾਵੇਗਾ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਅਤੇ ਵਪਾਰੀ ਵਰਗ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।