ਭਵਿੱਖ 'ਚ ਵੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਅੱਗੇ ਰੱਖਿਆ ਜਾ ਸਕੇ - ਡੱਲੇਵਾਲ
ਖਨੌਰੀ, 15 ਫਰਵਰੀ 2025 - ਅੱਜ 82ਵੇਂ ਦਿਨ ਵੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਵਫ਼ਦ ਨੇ ਤੱਥਾਂ ਸਮੇਤ MSP ਗਾਰੰਟੀ ਕਾਨੂੰਨ ਦੇ ਉੱਪਰ ਸਾਰੇ ਪੱਖ ਮਜਬੂਤੀ ਨਾਲ ਕੇਂਦਰ ਸਰਕਾਰ ਦੇ ਸਾਹਮਣੇ ਮੀਟਿੰਗ ਵਿੱਚ ਰੱਖੇ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਐਂਬੂਲੈਂਸ ਵਿੱਚ 8 ਘੰਟੇ ਸਫ਼ਰ ਕਰਨ ਕਾਰਨ ਰਾਤ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਭਵਿੱਖ ਵਿੱਚ ਵੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਅੱਗੇ ਰੱਖਿਆ ਜਾ ਸਕੇ।
ਕਿਸਾਨ ਆਗੂਆਂ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ੁਭਕਰਨ ਸਿੰਘ ਦੀ ਸ਼ਹੀਦੀ ਦੀ ਪਹਿਲੀ ਬਰਸੀ ਮੌਕੇ ਪਿੰਡ ਬੱਲੋਂ ਅਤੇ ਦਾਤਾਸਿੰਘਵਾਲਾ-ਖਨੌਰੀ, ਸ਼ੰਭੂ ਅਤੇ ਰਤਨਾਪੁਰਾ ਮੋਰਚਿਆਂ ਉੱਪਰ ਸ਼ਰਧਾਂਜਲੀ ਸਭਾਵਾਂ ਕੀਤੀਆਂ ਜਾਣਗੀਆਂ। ਕੱਲ੍ਹ ਚੰਡੀਗੜ੍ਹ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨ ਆਗੂ ਕੁਰਬਰੂ ਸ਼ਾਂਤਾਕੁਮਾਰ ਜੀ (ਕਰਨਾਟਕ) ਅਤੇ ਪੀ ਆਰ ਪੰਡਯਾਨ ਜੀ (ਤਾਮਿਲਨਾਡੂ) ਦਾ ਐਕਸੀਡੈਂਟ ਹੋ ਗਿਆ ਸੀ, ਪੀ ਆਰ ਪਾਂਡਿਆਨ ਜੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਕੁਰਬਰੂ ਸ਼ਾਂਤਕੁਮਾਰ ਜੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦੇ ਇੰਟੈਂਸਿਵ ਕ੍ਰਿਟੀਕਲ ਕੇਅਰ ਯੂਨਿਟ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਨੂੰ ਕੱਲ ਏਅਰ ਐਂਬੂਲੈਂਸ ਰਾਹੀਂ ਬੈਂਗਲੁਰੂ ਸ਼ਿਫਟ ਕੀਤੇ ਜਾਣ ਦੀ ਸੰਭਾਵਨਾ ਹੈ। 19 ਫਰਵਰੀ ਨੂੰ ਹਰਿਆਣਾ ਦੇ ਸਿਰਸਾ ਤੋਂ ਪੈਦਲ ਮਾਰਚ ਸ਼ੁਰੂ ਹੋ ਕੇ 21 ਫਰਵਰੀ ਨੂੰ ਸ਼ੁਭਕਰਨ ਸਿੰਘ ਦੇ ਪਿੰਡ ਬੱਲੋਂ ਵਿਖੇ ਪਹੁੰਚੇਗਾ।