ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਤੇ ਹੋਈ ਫਾਇਰਿੰਗ, 30 ਲੱਖ ਰੁਪਏ ਦੀ ਮੰਗੀ ਫਿਰੌਤੀ
ਸੰਜੀਵ ਜਿੰਦਲ
ਮਾਨਸਾ, 3 ਫਰਵਰੀ 2025 : ਮਾਨਸਾ ਵਿੱਚ ਬਾਈਕ ਸਵਾਰ ਬਦਮਾਸ਼ਾਂ ਦੁਆਰਾ ਦੇਰ ਰਾਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਅਨਸਰਾਂ ਨੇ ਸੰਘਣੀ ਧੁੰਦ ਦੇ ਵਿਚਕਾਰ ਇਸ ਘਟਨਾ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ ਗੇਟ ‘ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ।
ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਕਾਲ ਆਈ ਪਰ ਉਸ ਨੇ ਕਾਲ ਨਹੀਂ ਚੁੱਕੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਧਮਕੀ ਭਰਿਆ ਮੈਸੇਜ ਆਇਆ। ਮੈਸੇਜ ਭੇਜਣ ਵਾਲੇ ਨੇ 30 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਅੱਗੇ ਇਹ ਵੀ ਲਿਖਿਆ ਕਿ ਤੁਸੀਂ ਭਾਵੇ ਗੰਨਮੈਨ ਲੈ ਲੋ ਜਾ ਗੱਡੀ ਬੁਲੇਟਪਰੂਫ ਕਰਵਾਲੋ ਪਰ ਤੁਹਾਨੂੰ ਛੱਡਾਂਗੇ ਨਹੀਂ। ਬਦਮਾਸ਼ਾਂ ਨੇ ਨਾਮੀ ਗੈਂਗ ਤੋਂ ਹੋਣ ਦਾ ਦਾਅਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਗਟ ਸਿੰਘ ਨੇ ਮੂਸੇਵਾਲਾ ਦੇ ਗੀਤਾਂ ਵਿੱਚ ਵੀ ਕੰਮ ਕੀਤਾ ਹੈ। ਵੈਸੇ, ਪ੍ਰਗਟ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। ਪਤਾ ਲੱਗਾ ਹੈ ਕਿ ਹਮਲਾਵਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ।
ਬਦਮਾਸ਼ਾਂ ਨੇ ਲਾਰੈਂਸ ਗਰੁੱਪ ਤੋਂ ਹੋਣ ਦਾ ਦਾਅਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਕੀ ਲਾਰੈਂਸ ਗਰੁੱਪ ਵੱਲੋਂ ਭੇਜੀ ਗਈ ਹੈ ਜਾਂ ਨਹੀਂ। ਹੁਣ ਤੱਕ ਕਿਸੇ ਵੀ ਗਿਰੋਹ ਨੇ ਇਸ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਗੋਲੀਬਾਰੀ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ 2 ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਦੇ ਆਲੇ-ਦੁਆਲੇ ਘੁੰਮਦੇ ਨਜ਼ਰ ਆਏ। ਪਰ ਧੁੰਦ ਕਾਰਨ ਹਮਲਾਵਰਾਂ ਦੇ ਚਿਹਰਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਗੇਟ ‘ਤੇ ਗੋਲੀ ਦੇ ਨਿਸ਼ਾਨ ਮਿਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।