ਕਲੇਵਡਨ ਅਰਧ ਮੈਰਾਥਨ: ਚਲਦਾ ਰਿਵਰ-ਚਲਦੇ ਰਨਰ
ਨਿਊਜ਼ੀਲੈਂਡ ਦੇ ਰਮਣੀਕ ਪਹਾੜੀ ਖੇਤਰ ’ਚ ਹੋਈ ਮੈਰਾਥਨ ਦੌੜ ਵਿਚ-ਦਰਜਨਾਂ ਤੱਕ ਪਹੁੰਚੇ ਪੰਜਾਬੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 05 ਫਰਵਰੀ 2025:-ਬੀਤੇ ਦਿਨੀਂ ਨਿਊਜ਼ੀਲੈਂਡ ਦੀ ਇਕ ਬਹੁਤ ਹੀ ਰਮਣੀਕ ਥਾਂ ਕਲੇਵਡਨ ਵਿਲੇਜ ਵਿਖੇ ‘ਕਲੇਵਡਨ ਅਰਧ ਮੈਰਾਥਨ’ ਦੌੜ ਦਾ ਆਯੋਜਨ ਹੋਇਆ। ਇਹ ਇਕ ਅਜਿਹੀ ਦੌੜ ਸੀ ਜਿਸ ਨੂੰ ਖਤਮ ਕਰਨ ਤੋਂ ਪਹਿਲਾਂ ਚਲਦੇ ਵਾਇਰੋਆ ਰਿਵਰ ਨਾਲ ਲੈਅ ਮਿਲਾ ਕੇ ਖੂਬਸੂਰਤ ਅਹਿਸਾਸ ਲਿਆ ਗਿਆ। ਰਿਵਰ ਦੀ ਆਪਣੀ ਚਾਲ ਅਤੇ ਮੈਰਾਥਨ ਦੌੜਨ ਵਾਲਿਆਂ ਦੀ ਮੰਜ਼ਿਲ ਦੋਵੇਂ ਦੌੜਦੇ ਜਾਪਦੇ ਸਨ। ਮੈਰਾਥਨ ਦੇ ਵਿਚ ਆਮ ਤੌਰ ’ਤੇ ਸਥਾਨਿਕ ਭਾਈਚਾਰੇ ਦੇ ਲੋਕ ਤਾਂ ਇਨ੍ਹਾਂ ਵਿਚ ਬਹੁਤ ਭਾਗ ਲੈਂਦੇ ਹੀ ਹਨ ਪਰ ਪੰਜਾਬੀਆਂ ਦੀ ਗਿਣਤੀ ਨਾ-ਮਾਤਰ ਹੀ ਹੁੰਦੀ ਸੀ। ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਇਥੇ ਪੰਜਾਬੀਆਂ ਦੀ ਗਿਣਤੀ ਦੋ ਦਰਜਨ ਤੋਂ ਵਧ ਗਈ ਹੈ ਜਿਸ ਦੇ ਵਿਚ ਨੌਜਵਾਨ ਬੱਚੇ ਬੱਚੀਆਂ ਤੋਂ ਲੈ ਕੇ ਜਵਾਨ ਬਜ਼ੁਰਗ ਵੀ ਸ਼ਾਮਿਲ ਸਨ। ਇਸ ਮੈਰਾਥਨ ਦੇ ਵਿਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਦੀ ਚੋਣ ਕੀਤੀ ਜਾ ਸਕਦੀ ਸੀ।
ਪੰਜਾਬੀਆਂ ਵਿਚੋਂ ਬਾਜਵਾ, ਬੇਦੀ, ਸੰਨੀ ਸਿੰਘ, ਬਾਠ, ਸਮਰਾ ਅਤੇ ਸ਼ਰਮਾ ਦੇ ਪਰਿਵਾਰਾਂ ਨੇ ਹਿੱਸਾ ਲਿਆ ਹੈ। ਤਾਪਮਾਨ 30 ਡਿਗਰੀ ਸੀ ਪਰ ਹੰਸੂ-ਹੰਸੂ ਕਰਦੀ ਬਨਸਪਤੀ ਨੇ ਸਾਹ ਸ਼ੀਤਲ ਬਣਾਈ ਰੱਖੇ। ਇਸ ਮੈਰਾਥਨ ਦੇ ਵਿਚ ਚਾਰ ਦਸਤਾਰਧਾਰੀ ਵੀ ਖਿੱਚ ਦਾ ਕੇਂਦਰ ਰਹੇ। ਸੋਨੇ ’ਤੇ ਸੁਹਾਗੇ ਵਾਲਾ ਕੰਮ ਪੰਜਾਬੀ ਬਜ਼ੁਰਗ ਕਰ ਗਏ।