ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਹਿਕਾਰੀ ਸਭਾਵਾਂ ਦੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2025 : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ (ਡੀ.ਸੀ.ਡੀ.ਸੀ.) ਦੀ ਰੀਵਿਊ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਸਹਿਕਾਰੀ ਸਭਾਵਾਂ ਦੀਆਂ ਸਕੀਮਾਂ ਬਾਰੇ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਉਣ ਬਾਰੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਮੰਤਵ ਸੰਯੁਕਤ ਰਾਸ਼ਟਰ ਨੇ ਸਾਲ 2025 ਨੂੰ ਇੰਟਰਨੈਸ਼ਨਲ ਯੀਅਰ ਆਫ ਕੋਆਪਰੇਟਿਵ (ਆਈਵਾਈਸੀ 2025) ਵਜੋਂ ਮਨੋਨੀਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਹਿਕਾਰੀ ਸਭਾਵਾਂ ਰਾਹੀਂ ਪ੍ਰਚਾਰ ਅਤੇ ਸਹਿਕਾਰੀ ਗਤੀਵਿਧੀਆ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਹੋ ਸਕੇ।
ਮੀਟਿੰਗ ਦੌਰਾਨ ਉਨ੍ਹਾਂ ਭਾਰਤ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਮਾਡਲ ਬਾਏ ਲਾਅ ਪੀ.ਏ.ਸੀ.ਐਸ. (ਪ੍ਰਾਇਮਰੀ ਐਗਰੀਕਲਚਰ ਕਰੈਡਿਟ ਸੋਸਾਇਟੀਜ਼), ਕੰਪਿਊਟਰਾਈਜੇਸ਼ਨ ਆਫ਼ ਪੀ.ਏ.ਸੀ.ਐਸ., ਪੈਕਸ ਸਭਾਵਾਂ ਨੂੰ ਕਾਮਨ ਸਰਵਿਸ ਸੈਂਟਰ ਵਜੋਂ ਸਥਾਪਿਤ ਕਰਨਾ, ਪੈਟਰੋਲ ਅਤੇ ਡੀਜ਼ਲ ਪੰਪਜ਼ ਖੋਲ੍ਹਣਾ ਅਤੇ ਵਰਲਡ ਲਾਰਜੈਸਟ ਫੂਡ ਗਰੇਨ ਪ੍ਰੋਜੈਕਟ ਆਦਿ ਦਾ ਰੀਵਿਊ ਕਰਦਿਆਂ ਅਧਿਕਾਰੀਆਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਗਏ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਇਹ ਵੀ ਕਿਹਾ ਕਿ ਉਕਤ ਸਕੀਮਾਂ ਨੂੰ ਪ੍ਰਾਇਮਰੀ ਐਗਰੀਕਲਚਰ ਕਰੈਡਿਟ ਸੋਸਾਇਟੀਜ਼ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨ ਮੈਂਬਰਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।
ਇਸ ਮੌਕੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਤਾਜੇਸ਼ਵਰ ਸਿੰਘ, ਜੀਐਮ ਵੇਰਕਾ ਰੁਪਿੰਦਰ ਸਿੰਘ ਸੇਂਖੋ, ਐਮਡੀ ਕੋਆਪਰੇਟਿਵ ਬੈਂਕ ਸ੍ਰੀ ਗੁਰਬਾਜ ਸਿੰਘ, ਨਾਬਾਰਡ ਦੇ ਕਲੱਸਟਰ ਦੇ ਅਧਿਕਾਰੀ, ਮੁੱਖ ਖੇਤੀਬਾੜੀ, ਮੱਛੀ ਪਾਲਣ, ਵੇਅਰ ਹਾਊਸ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ ।