ਫਲਾਂ ਅਤੇ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ
ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2025 : ਸਥਾਨਕ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਆਰ.ਜੀ. ਟਾਟਾ ਟਰੱਸਟ ਦੇ ਸਿਖਿਆਰਥੀਆਂ ਨੂੰ ਫਲਾਂ ਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਫਲਾਂ ਅਤੇ ਸਬਜ਼ੀਆਂ ਦੀ ਸੁਚੱਜੀ ਸਾਂਭ-ਸੰਭਾਲ ਸੰਬੰਧੀ ਜਾਗਰੂਕ ਕਰਨਾ ਸੀ ਤਾਂ ਜੋ ਕਿਸਾਨ ਤੇ ਕਿਸਾਨ ਬੀਬੀਆਂ ਇਨ੍ਹਾਂ ਉਤਪਾਦਾਂ ਦੀ ਪ੍ਰੋਸੈਸਿੰਗ ਕਰਕੇ ਵਧੀਆ ਮੁਨਾਫਾ ਕਮਾ ਸਕਣ।
ਉਨ੍ਹਾਂ ਸਿਖਿਆਰਥੀਆਂ ਨੂੰ ਕਿਹਾ ਕਿ ਆਪਣੀ ਆਮਦਨ ਵਧਾਉਣ ਲਈ ਖੇਤੀ ਸਹਾਇਕ ਧੰਦੇ ਜਿਵੇਂ ਕਿ ਮੁਰਗੀ ਪਾਲਣ, ਬੱਕਰੀ ਪਾਲਣ, ਡੇਅਰੀ, ਮੱਖੀ ਪਾਲਣ ਅਤੇ ਖੁੰਬ ਉਤਪਾਦਨ ਆਦਿ ਦੀ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਡਾ. ਸੁਪਿੰਦਰਪਾਲ ਸਿੰਘ ਪਨੂੰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਮੰਡੀ ਤੋਂ ਆਪਣੀ ਨਿਰਭਰਤਾ ਘਟਾਉਣ ਅਤੇ ਆਪਣੇ ਉਤਪਾਦ ਜਿਵੇਂ ਜੈਮ, ਜੈਲੀ, ਚਟਣੀ, ਮੁਰੱਬੇ ਆਦਿ ਘਰੇਲੂ ਪੱਧਰ ਤੇ ਤਿਆਰ ਕਰ ਸਕਦੇ ਹਨ ਅਤੇ ਇਸ ਨੂੰ ਕਿੱਤੇ ਵਜੋਂ ਵੀ ਅਪਣਾਇਆ ਜਾ ਸਕਦਾ ਹੈ।
ਸਿਖਲਾਈ ਪੋਗਰਾਮ ਦੇ ਇੰਚਾਰਜ ਡਾ. ਗੁਰਪ੍ਰੀਤ ਕੌਰ ਢਿੱਲੋਂ ਨੇ ਸਿਖਿਆਰਥੀਆਂ ਨੂੰ ਵੱਖ-ਵੱਖ ਉਤਪਾਦਾਂ ਦੀ ਬਣਾਉਣ ਵਿਧੀ, ਡੱਬਾਬੰਦੀ, ਪੈਕਿੰਗ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਉਤਪਾਦਾਂ ਨੂੰ ਸਿਖਿਆਰਥੀਆਂ ਦੁਆਰਾ ਆਪਣੇ ਹੱਥੀ ਤਿਆਰ ਕਰਵਾਇਆ ਗਿਆ ਤਾਂ ਜੋ ਉਹ ਇਹਨਾਂ ਨੂੰ ਬਣਾਉਣ ਵਿੱਚ ਆਪਣੀ ਮੁਹਾਰਤਾ ਹਾਸਲ ਕਰ ਸਕਣ।
ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ ਨੇ ਖੇਤੀ ਉਤਪਾਦਾਂ ਦੇ ਮੰਡੀਕਰਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਤੇਜਬੀਰ ਸਿੰਘ ਬੁੱਟਰ ਨੇ ਗੰਡੋਏ ਪਾਲਣ ਸੰਬੰਧੀ ਆਪਣੇ ਵਿਚਾਰ ਸਿਖਿਆਰਥੀਆਂ ਨਾਲ ਸਾਂਝੇ ਕੀਤੇ।