ਮੈਂ ਜੇਲ੍ਹ ਗਈ ਸੀ, ਪਰ ਮੈਨੂੰ ਮਜੀਠੀਏ ਵੀਰ ਦੇ ਰੱਖੜੀ ਨਾ ਬੰਨ੍ਹਣ ਦਿੱਤੀ ਗਈ- ਹਰਸਿਮਰਤ ਕੌਰ ਬਾਦਲ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ, 09 ਅਗਸਤ 2025-ਅੱਜ ਦੁਪਹਿਰ ਸਮੇਂ ਜਦੋਂ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ੍ਹ ਬਿਕਰਮ ਮਜੀਠੀਆ ਨੂੰ ਰੱਖੜੀ ਬੰਨ੍ਹਣ ਗਈ ਸੀ ਤਾਂ, ਉਸ ਤੋਂ ਪਹਿਲਾਂ ਹਰਸਿਮਰਤ ਨੇ ਪੋਸਟ ਪਾਈ ਸੀ ਕਿ ਭੈਣ ਅਤੇ ਭਰਾ ਦੇ ਆਪਸੀ ਮੋਹ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਇਸ ਸ਼ੁਭ ਅਵਸਰ 'ਤੇ ਦੁਨੀਆਂ ‘ਚ ਵਸਦੇ ਆਪਣੇ ਸਾਰੇ ਵੀਰਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ ਅਤੇ ਭੈਣ-ਭਰਾ ਦੇ ਮੋਹ ਭਰੇ ਰਿਸ਼ਤੇ ਹੋਰ ਮਜ਼ਬੂਤ ਹੋਣ ਅਤੇ ਪਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਅਤੇ ਖੁਸ਼ੀਆਂ ਬਖਸ਼ਣ। ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਛੋਟੇ ਵੀਰ ਬਿਕਰਮ ਨੂੰ ਬਲ ਬਖਸ਼ਣ ਤਾਂ ਜੋ ਉਹ ਸਰਕਾਰਾਂ ਦੀ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਲੋਕ ਆਵਾਜ਼ ਬੁਲੰਦ ਕਰਦਾ ਰਹੇ।
ਪਰ ਹੁਣ ਜਾਣਕਾਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਸਾਂਝੀ ਕੀਤੀ ਗਈ ਹੈ ਕਿ, ਮੈਂ ਦਿੱਲੀ ਤੋਂ ਭਾਰੀ ਮੀਂਹ ਦੇ ਬਾਵਜੂਦ ਆਪਣੇ ਛੋਟੇ ਵੀਰ ਬਿਕਰਮ ਸਿੰਘ ਮਜੀਠੀਆ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਆਈ ਸੀ, ਜੋ ਕਿ ਝੂਠੇ ਦੋਸ਼ਾਂ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹੈ ਪਰ ਮੈਨੂੰ ਇਸ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ । ਮੈਂ ਪਿਛਲੇ 4 ਦਿਨਾਂ ਤੋਂ ਆਪਣੇ ਭਰਾ ਦੇ ਰੱਖੜੀ ਬੰਨਣ ਦੀ ਇਜਾਜ਼ਤ ਮੰਗ ਰਹੀ ਹਾਂ ਪਰ ਕੋਈ ਹਾਂ ਪੱਖੀ ਜਵਾਬ ਨਹੀਂ ਆਇਆ । ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੈਨੂੰ ਡੇਢ ਮਹੀਨੇ ਤੋਂ ਜੇਲ੍ਹ ਵਿੱਚ ਬੰਦ ਮੇਰੇ ਭਰਾ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਇੱਕ ਭਰਾ ਅਤੇ ਭੈਣ ਦੇ ਪਵਿੱਤਰ ਬੰਧਨ ਦਾ ਅਪਮਾਨ ਕਰਕੇ ਇੱਕ ਨਵੇਂ ਨੀਵੇਂ ਪੱਧਰ 'ਤੇ ਉਤਰ ਆਈ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।