ਰੰਧਾਵਾ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਤਿਹਪੁਰ ਜੱਟਾਂ ਨੂੰ ਗੋਦ ਲੈਣ ਦਾ ਐਲਾਨ
ਹਰਜਿੰਦਰ ਸਿੰਘ ਭੱਟੀ
- ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਡੇਰਾਬੱਸੀ ਦੇ ਪੰਜ ਸਕੂਲਾਂ ਵਿੱਚ 68.17 ਲੱਖ ਰੁਪਏ ਦੇ ਵਿਕਾਸ ਕਾਰਜਾਂ ਕੀਤੇ ਸਪੁਰਦ
- ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਬੱਚਿਆਂ ਨੇ ਨੁਕੱੜ ਨਾਟਕ ਦੁਆਰਾ ਕੀਤਾ ਜਾਗਰੂਕ
ਡੇਰਾਬੱਸੀ (ਐਸ.ਏ.ਐਸ. ਨਗਰ), 25 ਅਪ੍ਰੈਲ 2025 - ਸੂਬੇ ਵਿੱਚ ਚੱਲ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਹਿੱਸੇ ਵਜੋਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ ਹਲਕੇ ਦੇ ਪੰਜ ਸਰਕਾਰੀ ਸਕੂਲਾਂ ਵਿੱਚ 68.17 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜਿਸਦਾ ਉਦੇਸ਼ ਸਥਾਨਕ ਵਿਦਿਆਰਥੀਆਂ ਲਈ ਵਿਦਿਅਕ ਸਹੂਲਤਾਂ ਦਾ ਪੱਧਰ ਉੱਚਾ ਚੁੱਕਣਾ ਹੈ।
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ, ਵਿਧਾਇਕ ਰੰਧਾਵਾ ਨੇ ਉਨ੍ਹਾਂ ਦੇ ਸਕੂਲਾਂ ਵਿੱਚ ਅੱਪਗ੍ਰੇਡ ਕੀਤੇ ਗਏ, ਅਤਿ-ਆਧੁਨਿਕ ਬੁਨਿਆਦੀ ਢਾਂਚੇ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਰੰਗਲਾ ਪੰਜਾਬ ਦੇ ਮੁੱਖ ਥੰਮ੍ਹਾਂ - ਸਿਹਤ ਅਤੇ ਸਿੱਖਿਆ ਨੂੰ ਤਰਜੀਹ ਦੇ ਕੇ ਰਾਜ ਨੂੰ ਬੇਹਤਰੀਨ ਰਾਜ ਬਣਾਉਣ ਲਈ ਵਚਨਬੱਧ ਹੈ।
ਪਿੰਡ ਹਸਨਪੁਰ ਦੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਵਿੱਚ ਵਿਧਾਇਕ ਰੰਧਾਵਾ ਨੇ 32.21 ਲੱਖ ਰੁਪਏ ਦੀ ਲਾਗਤ ਨਾਲ 2 ਨਵੇ ਕਮਰੇ, ਇਕ ਲਾਇਬ੍ਰੇਰੀ, ਆਰਟ ਐਂਡ ਕਰਾਫਟ
ਚਾਰਦੀਵਾਰੀ ਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ, ਪਿੰਡ ਅਮਲਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 24.36 ਲੱਖ ਰੁਪਏ ਦੇ ਵਿਕਾਸ ਕਾਰਜ, ਜਿਨ੍ਹਾਂ ਵਿੱਚ ਲਾਇਬ੍ਰੇਰੀ,ਸਾਇੰਸ ਲੈਬ, ਮਲਟੀਪਰਪਜ਼ ਹਾਲ ਸ਼ਾਮਿਲ ਹੈ, ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਇੱਕ ਅਹਿਮ ਐਲਾਨ ਵਿੱਚ, ਵਿਧਾਇਕ ਰੰਧਾਵਾ ਨੇ ਸਰਕਾਰੀ ਪ੍ਰਾਇਮਰੀ ਸਕੂਲ,ਪਿੰਡ ਫਤਿਹਪੁਰ ਜੱਟਾਂ ਦੀ 2.68 ਲੱਖ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਉਪਰੰਤ ਸਕੂਲ ਨੂੰ ਗੋਦ ਲੈ ਕੇ ਉਸ ਦੀ ਦਿੱਖ ਬਦਲਣ ਦਾ ਐਲਾਨ ਕੀਤਾ ਤੇ ਉਨ੍ਹਾਂ ਕਿਹਾ ਕਿ ਇਹ ਪਹਿਲ ਬੱਚਿਆਂ ਦੇ ਸੰਪੂਰਨ ਵਿਕਾਸ 'ਤੇ ਕੇਂਦ੍ਰਿਤ ਹੋਵੇਗੀ, ਜਿਸ ਵਿੱਚ ਅਕਾਦਮਿਕ ਸਿੱਖਿਆ ਨੂੰ ਭਾਵਨਾਤਮਕ ਅਤੇ ਮਨੋਵਿਗਿਆਨਕ ਤੰਦਰੁਸਤੀ ਨਾਲ ਜੋੜਿਆ ਜਾਵੇਗਾ।
ਪਿੰਡ ਮਹਿਮਦਪੁਰ ਦੇ ਸਰਕਾਰੀ ਮਿਡਲ ਸਕੂਲ ਵਿੱਚ 8.92 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਕਲਾਸ ਰੂਮ ਨੂੰ ਬਚਿਆ ਦੇ ਪੜ੍ਹਨ ਲਈ ਸਮਰਪਿਤ ਕੀਤਾ ਤੇ ਵਿਧਾਇਕ ਰੰਧਾਵਾ ਨੇ ਬੱਚਿਆਂ ਦੁਆਰਾ ਪੰਜਾਬ ਸਰਕਾਰ ਦੇ ਸੁਪਨੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਉਦੇਸ਼ ਨੂੰ ਨੁੱਕੜ ਨਾਟਕ ਰਾਹੀ ਜਾਗਰੂਕ ਕਰਨ ਦੀ ਪ੍ਰਸ਼ੰਸਾ ਕੀਤੀ ਤੇ ਸਾਰਿਆਂ ਨੂੰ ਇਸ ਮੁਹਿੰਮ ਤਹਿਤ ਸਹਿਯੋਗ ਦੇਣ ਦਾ ਭਰੋਸਾ ਮੰਗਿਆ।
ਪ੍ਰਮੁੱਖ ਹਾਜ਼ਰੀਨ ਵਿੱਚ ਵੱਖ ਵੱਖ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ , ਪਿੰਡਾਂ ਦੇ ਪੰਚ-ਸਰਪੰਚ, ਕਮੇਟੀ ਪ੍ਰਧਾਨ, ਐਮ ਸੀਜ਼, ਪਾਰਟੀ ਦੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਸ਼ਾਮਲ ਸਨ।