ਪ੍ਰੋ. ਕੁਲਦੀਪ ਪੁਰੀ ਨੇ ਬੀਬੀ ਜੀਤੋ ਨੂੰ ਛੱਤ ਬਣਾਉਣ ਲਈ 10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ
ਚੇਅਰਮੈਨ ਰਮਨ ਬਹਿਲ ਵੱਲੋਂ ਇਸ ਨੇਕ ਕਾਰਜ ਲਈ ਪ੍ਰੋ. ਕੁਲਦੀਪ ਪੁਰੀ ਦਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ, 1 ਸਤੰਬਰ - ਚੇਅਰਮੈਨ ਸ੍ਰੀ ਰਮਨ ਬਹਿਲ ਦੀ ਪ੍ਰੇਰਨਾ ਸਦਕਾ ਗੁਰਦਾਸਪੁਰ ਦੇ ਜੰਮਪਲ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਪੁਰੀ ਗੁਰਦਾਸਪੁਰ ਸ਼ਹਿਰ ਦੇ ਬਹਿਰਾਮਪੁਰ ਰੋਡ ਉੱਪਰ ਟਾਹਲੀ ਵਾਲੀ ਗਲੀ ਦੀ ਵਸਨੀਕ ਵਿਧਵਾ ਬੀਬੀ ਜੀਤੋ ਦੀ ਸਹਾਇਤਾ ਲਈ ਅੱਗੇ ਆਏ ਹਨ। ਵਿਧਵਾ ਬੀਬੀ ਜੀਤੋ ਦੇ ਘਰ ਦੀ ਛੱਤ ਬਾਲਿਆਂ ਵਾਲੀ ਸੀ ਅਤੇ ਬਰਸਾਤਾਂ ਕਾਰਨ ਛੱਤ ਦਾ ਇੱਕ ਹਿੱਸਾ ਢਹਿ ਗਿਆ ਸੀ। ਅਜਿਹੇ ਵਿੱਚ ਬੀਬੀ ਜੀਤੋ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਓਧਰ ਚੰਡੀਗੜ੍ਹ ਵਿਖੇ ਰਹਿ ਰਹੇ ਗੁਰਦਾਸਪੁਰ ਦੇ ਜੰਮਪਲ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਪੁਰੀ ਜਿਨ੍ਹਾਂ ਦਾ ਦਿਲ ਹਮੇਸ਼ਾਂ ਗੁਰਦਾਸਪੁਰ ਲਈ ਧੜਕਦਾ ਹੈ ਵੱਲੋਂ ਚੇਅਰਮੈਨ ਰਮਨ ਬਹਿਲ ਨੂੰ ਕਿਹਾ ਗਿਆ ਸੀ ਕਿ ਜੇਕਰ ਸ਼ਹਿਰ ਦੀ ਭਲਾਈ ਲਈ ਉਨ੍ਹਾਂ ਦੀ ਕੋਈ ਲੋੜ ਹੋਵੇ ਤਾਂ ਸੇਵਾ ਦਾ ਮੌਕਾ ਜ਼ਰੂਰ ਦੇਣਾ। ਜਦੋਂ ਸ੍ਰੀ ਰਮਨ ਬਹਿਲ ਨੂੰ ਪਤਾ ਲੱਗਾ ਕਿ ਬੀਬੀ ਜੀਤੋ ਦੀ ਛੱਤ ਡਿੱਗ ਗਈ ਹੈ ਤਾਂ ਉਨ੍ਹਾਂ ਪ੍ਰੋ. ਕੁਲਦੀਪ ਰਾਜ ਨੂੰ ਸਹਾਇਤਾ ਕਰਨ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਪ੍ਰੋ. ਕੁਲਦੀਪ ਰਾਜ ਵੱਲੋਂ ਬੀਬੀ ਜੀਤੋ ਲਈ 10000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ ਜਿਸ ਨੂੰ ਅੱਜ ਸ੍ਰੀ ਰਮਨ ਬਹਿਲ ਵੱਲੋਂ ਬੀਬੀ ਜੀਤੋ ਦੇ ਘਰ ਜਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ। ਬੀਬੀ ਜੀਤੋ ਨੇ ਇਸ ਇਮਦਾਦ ਲਈ ਪ੍ਰੋ. ਕੁਲਦੀਪ ਰਾਜ ਅਤੇ ਰਮਨ ਬਹਿਲ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਮਨੁੱਖ ਦਾ ਇਖ਼ਲਾਕੀ ਫ਼ਰਜ਼ ਹੈ ਅਤੇ ਪ੍ਰੋ. ਕੁਲਦੀਪ ਰਾਜ ਨੇ ਇਹ ਸੇਵਾ ਕਰਕੇ ਬਹੁਤ ਵਧੀਆ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੋ. ਕੁਲਦੀਪ ਰਾਜ ਦੇ ਅਭਾਰੀ ਹਨ। ਇਸ ਮੌਕੇ ਉਨ੍ਹਾਂ ਨਾਲ ਸੋਹਣ ਸਿੰਘ ਤੇ ਬਲਵਿੰਦਰ ਸਿੰਘ ਕੌਂਸਲਰ ਵੀ ਹਾਜ਼ਰ ਸਨ।