ਹੜ੍ਹਾਂ ਨੇ ਉਜਾੜਿਆ ਨੌਜਵਾਨ ਦਾ ਸੁਪਨਿਆਂ ਦਾ ਪ੍ਰੀ-ਵੈਡਿੰਗ ਸਟੂਡੀਓ, ਕਰੋੜਾਂ ਦਾ ਨੁਕਸਾਨ
Rohit Gupta
ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਫਸਲਾਂ, ਪਸ਼ੂਆਂ ਅਤੇ ਘਰਾਂ ਨੂੰ ਤਬਾਹ ਕੀਤਾ ਹੈ, ਉੱਥੇ ਹੀ ਕਈ ਲੋਕਾਂ ਦੇ ਕਾਰੋਬਾਰ ਵੀ ਉਜਾੜ ਦਿੱਤੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਰੋਹਿਤ ਗੁਪਤਾ ਦਾ 'ਰਿਵਰ ਪੈਰਾਡਾਈਜ਼' ਨਾਂ ਦਾ ਪ੍ਰੀ-ਵੈਡਿੰਗ ਸਟੂਡੀਓ, ਜੋ ਹੜ੍ਹ ਦੀ ਭੇਟ ਚੜ੍ਹ ਗਿਆ ਹੈ।
ਇਹ ਸਟੂਡੀਓ ਮਕੌੜਾ ਪੱਤਣ ਕੋਲ ਰਾਵੀ ਅਤੇ ਉੱਜ ਦਰਿਆਵਾਂ ਦੇ ਕਿਨਾਰੇ ਬਣਿਆ ਹੋਇਆ ਸੀ। ਸ਼ਾਨਦਾਰ ਲੋਕੇਸ਼ਨ ਕਾਰਨ ਇਹ ਪੰਜਾਬ ਅਤੇ ਇਸ ਤੋਂ ਬਾਹਰ ਦੇ ਜੋੜਿਆਂ ਵਿੱਚ ਬਹੁਤ ਮਸ਼ਹੂਰ ਹੋ ਚੁੱਕਿਆ ਸੀ। ਇਸ ਸਟੂਡੀਓ ਵਿੱਚ ਲਗਭਗ 50 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਸੀ।
ਰੋਹਿਤ ਗੁਪਤਾ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਲਗਾਤਾਰ ਛੇ-ਛੇ ਫੁੱਟ ਉੱਪਰ ਆਉਣ ਨਾਲ ਪੂਰਾ ਸਟੂਡੀਓ ਰੇਤ ਅਤੇ ਮਿੱਟੀ ਨਾਲ ਭਰ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਦਾ ਰੈਸਟੋਰੈਂਟ ਅਤੇ ਹੋਰ ਸਾਮਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।
ਇਸ ਮੌਕੇ ਭਾਵੁਕ ਹੋਏ ਰੋਹਿਤ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦੀ ਸੇਵਾ ਕੇਂਦਰ ਦੀ ਨੌਕਰੀ ਛੁਡਵਾ ਕੇ ਉਸ ਨੂੰ ਕਾਰੋਬਾਰ ਸ਼ੁਰੂ ਕਰਵਾਇਆ ਸੀ। ਇਸ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਬੈਂਕ ਤੋਂ ਕਰਜ਼ਾ ਲਿਆ ਸੀ ਅਤੇ ਰੋਹਿਤ ਦੇ ਵਿਦੇਸ਼ ਰਹਿੰਦੇ ਭਰਾ ਨੇ ਵੀ ਪੈਸੇ ਭੇਜੇ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਹੜ੍ਹ ਕਾਰਨ ਉਨ੍ਹਾਂ ਦਾ ਲਗਭਗ ਦੋ ਤੋਂ ਤਿੰਨ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਆਪਣੀ ਤਬਾਹੀ ਦੀ ਕਹਾਣੀ ਸੁਣਾਉਂਦੇ ਹੋਏ ਗੁਰਨਾਮ ਸਿੰਘ ਇੰਨੇ ਭਾਵੁਕ ਹੋ ਗਏ ਕਿ ਉਨ੍ਹਾਂ ਕੋਲੋਂ ਹੋਰ ਕੁਝ ਬੋਲਿਆ ਨਹੀਂ ਗਿਆ। ਇਸ ਨੁਕਸਾਨ ਤੋਂ ਬਾਅਦ ਉਨ੍ਹਾਂ ਨੂੰ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਵੇਗਾ।