ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਨਵੈਂਸ਼ਨ
ਅਸ਼ੋਕ ਵਰਮਾ
ਬਠਿੰਡਾ, 31 ਜੁਲਾਈ 2025 ' 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵਲੋਂ ਜੰਗੇ ਇ ਆਜ਼ਾਦੀ ਦੇ ਬੇਜੋੜ ਸ਼ਹੀਦ ਊਧਮ ਸਿੰਘ ਸੁਨਾਮ ਉਰਫ ਮੁਹੰਮਦ ਸਿੰਘ ਆਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ 'ਟੀਚਰਜ਼ ਹੋਮ ਬਠਿੰਡਾ' ਵਿਖੇ ਸੰਪੂਰਨ ਸਿੰਘ, ਹਰਮੇਸ਼ ਕੁਮਾਰ ਰਾਮਪੁਰਾ ਤੇ ਸੁਖਵੰਤ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਭਰਵੀਂ ਜਿਲ੍ਹਾ ਪੱਧਰੀ ਕਨਵੈਨਸ਼ਨ ਸੱਦੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਆਰਐਮਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੀਪੀਆਈ (ਮਾਲੇ) ਲਿਬਰੇਸ਼ਨ ਦੇ ਕੇਂਦਰੀ ਆਗੂ ਸਾਥੀ ਰਾਜਬਿੰਦਰ ਸਿੰਘ ਰਾਣਾ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਬਜ਼ਾ ਜਮਾਈ ਬੈਠੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੀ ਅਗਵਾਈ ਵਾਲੇ ਹਿੰਦੂਤਵੀ-ਖਰੂਦੀ ਗ੍ਰੋਹ, ਸਾਮਰਾਜੀ ਤੇ ਪੂੰਜੀਵਾਦੀ ਧੌਂਸ ਤੇ ਲੁੱਟ-ਖਸੁੱਟ ਦੇ ਨਿਜ਼ਾਮ ਦੀ ਉਮਰ ਲੰਬੀ ਕਰਨ ਲਈ ਫਿਰਕੂ-ਜਾਤੀਵਾਦੀ ਤੇ ਲਿੰਗਕ ਵੰਡ ਅਤੇ ਇਲਾਕਾਈ ਤੇ ਭਾਸ਼ਾਈ ਮਤਭੇਦ ਤਿੱਖੇ ਕਰਨ ਦੇ ਕੋਝੇ ਯਤਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬੇਕਿਰਕ ਜਮਾਤੀ ਲੁੱਟ ਅਤੇ ਹਰ ਕਿਸਮ ਦੇ ਜਬਰ ਤੇ ਵਿਤਕਰੇ ਖਿਲਾਫ ਉੱਠਣ ਵਾਲੇ ਲੋਕ ਘੋਲਾਂ ਨੂੰ ਕੁਰਾਹੇ ਪਾਉਣ ਲਈ ਸੰਘੀ ਟੋਲੇ ਦੇਸ਼ ਭਰ 'ਚ ਮੁਸਲਿਮ ਤੇ ਈਸਾਈ ਘੱਟ ਗਿਣਤੀਆਂ 'ਤੇ ਜਾਨਲੇਵਾ ਹਮਲੇ ਕਰ ਰਹੇ ਹਨ ਅਤੇ ਦਲਿਤਾਂ, ਔਰਤਾਂ 'ਤੇ ਆਦਿਵਾਸੀਆਂ ਦਾ ਸਵੈਮਾਨ ਘੱਟੇ ਰੋਲਣ ਵਾਲੀਆਂ ਕਾਰਵਾਈਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਨੇ ਆਪਣਾ ਮਕਸਦ ਪੂਰਾ ਕਰਨ ਲਈ ਵਿੱਦਿਅਕ ਪਾਠਕ੍ਰਮ, ਇਤਿਹਾਸ ਤੇ ਰਾਜਕੀ ਮਸ਼ੀਨਰੀ ਦਾ ਭਗਵਾਂਕਰਨ ਕਰ ਦਿੱਤਾ ਹੈ। ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਦੇਸ਼ ਅਤੇ ਦੇਸ਼ ਵਾਸੀਆਂ ਦਾ ਠੀਕ ਦਿਸ਼ਾ 'ਚ ਚੌਤਰਫਾ ਵਿਕਾਸ ਸੁਨਿਸ਼ਚਤ ਕਰਨ ਹਿਤ ਤਾਨਾਸ਼ਾਹੀ ਤਰਜ਼ ਦਾ ਧਰਮ ਆਧਾਰਿਤ, ਮੰਨੂਵਾਦੀ, ਹਿੰਦੂਤਵੀ ਰਾਜ ਕਾਇਮ ਕਰਨ ਦੇ ਆਰ.ਐਸ.ਐਸ ਦੇ ਘਾਤਕ ਮਨਸੂਬੇ ਤਿੱਖੇ, ਬੱਝਵੇਂ ਲੋਕ ਘੋਲ ਵਿੱਢਣ ਰਾਹੀਂ ਲਾਜ਼ਮੀ ਫੇਲ੍ਹ ਕਰਨੇ ਹੋਣਗੇ।
ਉਨ੍ਹਾਂ ਕਿਹਾ ਹੈ ਕਿ ਭਾਰਤੀ ਲੋਕਾਂ ਦੀ ਕੰਗਾਲੀ-ਭੁੱਖਮਰੀ ਤੋਂ ਗਰੰਟੀ ਸ਼ੁਦਾ ਬੰਦ ਖਲਾਸੀ ਲਈ ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਵਾਰੇ-ਨਿਆਰੇ ਕਰਦੀਆਂ ਮੋਦੀ ਸਰਕਾਰ ਦੀਆਂ ਨਵ ਉਦਾਰੀਵਾਦੀ ਨੀਤੀਆਂ ਖਿਲਾਫ਼ ਜਾਰੀ ਲੋਕ ਘੋਲ ਹੋਰ ਪ੍ਰਚੰਡ ਕਰਨ ਸਮੇਂ ਦੀ ਪ੍ਰਮੁੱਖ ਲੋੜ ਹੈ।ਇਕੱਠ ਵਲੋਂ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਦੇ,ਫਲਸਤੀਨਿਆਂ ਦੇ ਨਸਲੀ ਸਫਾਏ ਦੇ ਜੰਗੀ ਹੱਲਿਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਫੌਰੀ ਜੰਗਬੰਦੀ ਦੀ ਮੰਗ ਕੀਤੀ ਗਈ। ਦੇਸ਼ ਦੇ ਹਿਤ ਸਾਮਰਾਜੀ ਧਾੜਵੀਆਂ ਕੋਲ ਗਹਿਣੇ ਕਰਦੇ ਗੈਰ ਬਰਾਬਰੀ ਵਾਲੇ ਮੁਕਤ ਵਪਾਰ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ ਗਈ।
ਆਦਿਵਾਸੀਆਂ ਤੇ ਮਾਉਵਾਦੀਆਂ ਦੇ ਫਰਜੀ ਪੁਲਸ ਮੁਕਾਬਲੇ ਬਿਨਾਂ ਦੇਰੀ ਰੋਕੇ ਜਾਣ ਅਤੇ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ ਕੀਤੀ ਗਈ।ਸਾਥੀ ਲਾਲ ਚੰਦ ਸਰਦੂਲਗੜ੍ਹ ਵਲੋਂ ਰੱਖੇ ਮੁੱਖ ਮਤੇ ਦੀ ਭਜਨ ਸਿੰਘ ਘੁੰਮਣ ਨੇ ਪ੍ਰੌੜਤਾ ਕੀਤੀ। ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਮੰਚ ਸੰਚਾਲਨ ਕੀਤਾ। ਲੋਕ ਪੱਖੀ ਗੀਤਕਾਰ ਤੇ ਗਾਇਕ ਮੰਦਰ ਜੱਸੀ ਨੇ ਸ਼ਹੀਦਾਂ ਦੀ ਯਾਦ ਤਾਜ਼ਾ ਕਰਦੀ ਕਵੀਸ਼ਰੀ ਦਾ ਰੰਗ ਬੰਨ੍ਹਿਆ। ਸਮਾਪਤੀ 'ਤੇ ਹਨੂੰਮਾਨ ਚੌਂਕ ਤੱਕ ਮਾਰਚ ਵੀ ਕੀਤਾ ਗਿਆ।