ਮਹਾਰਾਣੀ ਜਿੰਦ ਕੌਰ: ਪੰਜਾਬ ਦੀ ਸ਼ੇਰਨੀ ਦਾ ਅਦੁੱਤੀ ਜੀਵਨ - ਹਰਜਿੰਦਰ ਸਿੰਘ ਬਸਿਆਲਾ-
(Punjab's Last Maharani Jind Kaur: A Saga of Struggle)
ਪੰਜਾਬ ਦੀ ਆਖ਼ਰੀ ਮਹਾਰਾਣੀ ਜਿੰਦ ਕੌਰ ਜੋ ਬ੍ਰਿਟਿਸ਼ ਸਾਮਰਾਜ ਨਾਲ ਲੜੀ ਪਰ ਖਾਨਾਜੰਗੀ ਕਰਕੇ ਸਿੱਖ ਰਾਜ ਨਾ ਬਚਾ ਸਕੀ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ : ਮਹਾਰਾਣੀ ਜਿੰਦ ਕੌਰ ਦੀ ਕਹਾਣੀ ਇੱਕ ਅਣਖੀਲੀ ਰਾਣੀ ਦੀ ਕਹਾਣੀ ਹੈ। ਜਿਸਨੂੰ ‘ਰਾਣੀ ਜਿੰਦਾਂ’ ਵਜੋਂ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਦਾ ਜੀਵਨ ਪੰਜਾਬ ਦੇ ਇਤਿਹਾਸ ਦੇ ਇੱਕ ਅਹਿਮ ਦੌਰ ਨੂੰ ਦਰਸਾਉਂਦਾ ਹੈ, ਜਦੋਂ ਸਿੱਖ ਰਾਜ ਆਪਣੇ ਸਿਖਰ ’ਤੇ ਸੀ ਅਤੇ ਫਿਰ ਅੰਗਰੇਜ਼ਾਂ ਦੇ ਹੱਥੋਂ ਡਿਗਿਆ। ਮਹਾਰਾਣੀ ਜਿੰਦ ਕੌਰ ਦਾ ਜਨਮ 1817 ਵਿੱਚ ਸਿਆਲਕੋਟ (ਹੁਣ ਪਾਕਿਸਤਾਨ) ਦੇ ਪਿੰਡ ਚਾਹੜ ਵਿਖੇ ਸਰਦਾਰ ਮੰਨਾ ਸਿੰਘ ਔਲਖ ਦੇ ਘਰ ਹੋਇਆ ਸੀ । ਮੰਨਾ ਸਿੰਘ ਇੱਕ ਖੁਸ਼ਹਾਲ ਜ਼ਿਮੀਂਦਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਪ੍ਰਮੁੱਖ ਘੋੜਸਵਾਰ ਸਰਦਾਰ ਸੀ । ਜਿੰਦ ਕੌਰ ਨੂੰ ਧਾਰਮਿਕ ਵਿੱਦਿਆ ਦੇ ਨਾਲ-ਨਾਲ ਇਤਿਹਾਸ ਅਤੇ ਰਾਜਨੀਤੀ ਦੀ ਸਿੱਖਿਆ ਵੀ ਦਿੱਤੀ ਗਈ । ਉਨ੍ਹਾਂ ਦੇ ਜੀਜਾ, ਸਰਦਾਰ ਜਵਾਲਾ ਸਿੰਘ ਭੜਾਣੀਆ, ਮਹਾਰਾਜਾ ਰਣਜੀਤ ਸਿੰਘ ਦੇ ਕਰੀਬੀ ਸਰਦਾਰਾਂ ਵਿੱਚੋਂ ਸਨ, ਜਿਨ੍ਹਾਂ ਨੇ ਜਿੰਦ ਕੌਰ ਦਾ ਰਿਸ਼ਤਾ ਮਹਾਰਾਜੇ ਨਾਲ ਪੱਕਾ ਕਰਵਾਇਆ ।
ਸਾਲ 1835 ਵਿੱਚ, ਜਿੰਦ ਕੌਰ ਰਾਣੀ ਬਣ ਕੇ ਲਾਹੌਰ ਆਏ । ਉਨ੍ਹਾਂ ਨੇ ਆਪਣੀ ਬੇਮਿਸਾਲ ਸੁੰਦਰਤਾ ਅਤੇ ਗੁਣਾਂ ਨਾਲ ਮਹਾਰਾਜੇ ਦਾ ਦਿਲ ਜਿੱਤ ਲਿਆ । 4 ਸਤੰਬਰ, 1838 ਨੂੰ, ਰਾਣੀ ਜਿੰਦਾਂ ਦੀ ਕੁੱਖੋਂ ਦਲੀਪ ਸਿੰਘ ਦਾ ਜਨਮ ਹੋਇਆ । ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਰਾਣੀ ਜਿੰਦਾਂ ਨੂੰ ’ਮਹਾਰਾਣੀ’ ਦਾ ਖ਼ਿਤਾਬ ਦਿੱਤਾ ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਲਾਹੌਰ ਦਰਬਾਰ ਦੇ ਵਾਰਸਾਂ ਵਿੱਚ ਖਾਨਾਜੰਗੀ ਸ਼ੁਰੂ ਹੋ ਗਈ । ਡੋਗਰਿਆਂ ਅਤੇ ਸੰਧਾਵਾਲੀਏ ਸਰਦਾਰਾਂ ਵਿਚਕਾਰ ਸੱਤਾ ਹਾਸਲ ਕਰਨ ਦੀ ਦੌੜ ਲੱਗ ਗਈ । ਖੜਕ ਸਿੰਘ ਅਤੇ ਫਿਰ ਕੰਵਰ ਨੌਨਿਹਾਲ ਸਿੰਘ ਨੂੰ ਕਤਲ ਕਰ ਦਿੱਤਾ ਗਿਆ । ਕੁਝ ਸਮੇਂ ਲਈ ਰਾਣੀ ਚੰਦ ਕੌਰ ਨੂੰ ਗੱਦੀ ’ਤੇ ਬਿਠਾਇਆ ਗਿਆ । ਮਹਾਰਾਜਾ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ, 17 ਸਤੰਬਰ, 1843 ਨੂੰ, ਛੇ ਸਾਲ ਦੀ ਉਮਰ ਵਿੱਚ ਦਲੀਪ ਸਿੰਘ ਗੱਦੀ ’ਤੇ ਬੈਠਾ । ਮਹਾਰਾਣੀ ਜਿੰਦ ਕੌਰ ਉਸ ਦੀ ਸਰਪ੍ਰਸਤ ਬਣੀ ਅਤੇ ਆਪਣੇ ਭਰਾ ਜਵਾਹਰ ਸਿੰਘ ਦੀ ਮਦਦ ਨਾਲ ਰਾਜਕਾਜ ਚਲਾਉਣਾ ਸ਼ੁਰੂ ਕੀਤਾ ।
ਜਵਾਹਰ ਸਿੰਘ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਸੀ, ਪਰ ਡੋਗਰੇ ਸਰਦਾਰਾਂ ਨੂੰ ਇਹ ਮਨਜ਼ੂਰ ਨਹੀਂ ਸੀ । 21 ਸਤੰਬਰ, 1845 ਨੂੰ, ਖਾਲਸਾ ਫੌਜ ਨੇ ਕੰਵਰ ਪਿਸ਼ੌਰਾ ਸਿੰਘ ਨੂੰ ਮਰਵਾਉਣ ਦੇ ਦੋਸ਼ ਵਿੱਚ ਜਵਾਹਰ ਸਿੰਘ ਨੂੰ ਵੀ ਕਤਲ ਕਰ ਦਿੱਤਾ । ਇਹ ਮਹਾਰਾਣੀ ਲਈ ਇੱਕ ਵੱਡਾ ਝਟਕਾ ਸੀ । ਇਸ ਤੋਂ ਬਾਅਦ, ਮਹਾਰਾਣੀ ਜਿੰਦਾਂ ਨੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਪੰਚਾਇਤ ਬਣਾ ਕੇ ਉਸ ਦੀ ਮਦਦ ਨਾਲ ਰਾਜ ਕਰਨਾ ਸ਼ੁਰੂ ਕੀਤਾ । ਲੇਡੀ ਲਾਗਨ ਜਿੰਦਾਂ ਬਾਰੇ ਲਿਖਦੀ ਹੈ ਕਿ ਉਹ ਇੱਕ ਲਾਇਕ ਅਤੇ ਪੱਕੇ ਇਰਾਦੇ ਵਾਲੀ ਔਰਤ ਸੀ, ਜਿਸਦਾ ਪੰਚਾਇਤਾਂ ਉੱਤੇ ਕਾਫੀ ਅਸਰ ਸੀ। ਉਹ ਨੀਤੀ ਨੂੰ ਸਮਝਣ ਵਾਲੀ ਅਤੇ ਵੱਡੇ ਹੌਂਸਲੇ ਵਾਲੀ ਸੀ ।
ਲਾਹੌਰ ਦਰਬਾਰ ਸਰਦਾਰਾਂ ਦੀ ਆਪਸੀ ਈਰਖਾ ਕਾਰਨ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਸੀ । ਪੰਡਿਤ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਤਾਕਤ ਹਾਸਲ ਕਰਨ ਲਈ ਅੰਗਰੇਜ਼ਾਂ ਨਾਲ ਗੁਪਤ ਗਠਜੋੜ ਕਰ ਲਿਆ । ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਕਿ ਖਾਲਸਾ ਫੌਜ ਨੂੰ ਅੰਗਰੇਜ਼ੀ ਫੌਜ ਨਾਲ ਲੜਾ ਕੇ ਖਤਮ ਕਰਵਾ ਦਿੱਤਾ ਜਾਵੇ । ਇਨ੍ਹਾਂ ਦੋਵਾਂ ਨੇ ਅੰਗਰੇਜ਼ਾਂ ਦੀਆਂ ਵਧੀਕੀਆਂ ਤੋਂ ਤੰਗ ਆਏ ਸਿੰਘਾਂ ਨੂੰ ਭੜਕਾ ਕੇ ਲੜਾਈ ਲਈ ਤਿਆਰ ਕਰ ਲਿਆ । ਜਿੰਦਾਂ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਇਸ ਦਾ ਬਹੁਤ ਵਿਰੋਧ ਕੀਤਾ, ਪਰ ਅੰਤ ਵਿੱਚ ਉਨ੍ਹਾਂ ਨੂੰ ਝੁਕਣਾ ਪਿਆ ।
ਜੰਗ ਵਿੱਚ ਸਿੱਖ ਹਾਰ ਗਏ । ਡੋਗਰਿਆਂ ਨੇ ਹਾਰ ਲਈ ਮਹਾਰਾਣੀ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ । 10 ਫਰਵਰੀ, 1846 ਨੂੰ ਸਭਰਾਵਾਂ ਦੀ ਫੈਸਲਾਕੁੰਨ ਲੜਾਈ ਤੋਂ ਬਾਅਦ, ਅੰਗਰੇਜ਼ ਕਸੂਰ ਪਹੁੰਚੇ । ਗੁਲਾਬ ਸਿੰਘ ਡੋਗਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ । 9 ਮਾਰਚ, 1846 ਨੂੰ ਅੰਗਰੇਜ਼ਾਂ ਦਾ ਲਾਹੌਰ ਦਰਬਾਰ ਨਾਲ ਇੱਕ ਅਹਿਦਨਾਮਾ ਹੋਇਆ । ਸਤਲੁਜ ਅਤੇ ਬਿਆਸ ਵਿਚਕਾਰਲਾ ਇਲਾਕਾ ਅੰਗਰੇਜ਼ਾਂ ਨੇ ਹਰਜਾਨੇ ਵਜੋਂ ਹੜੱਪ ਲਿਆ । ਮਹਾਰਾਣੀ ਨੂੰ ਡੇਢ ਲੱਖ ਰੁਪਏ ਦੀ ਸਾਲਾਨਾ ਪੈਨਸ਼ਨ ਦੇ ਕੇ ਰਾਜਕਾਜ ਤੋਂ ਵੱਖ ਕਰ ਦਿੱਤਾ ਗਿਆ ਅਤੇ ਨਾਬਾਲਗ ਦਲੀਪ ਸਿੰਘ ਦੀ ਸਹਾਇਤਾ ਲਈ ਇੱਕ ਕੌਂਸਲ ਬਣਾਈ ਗਈ ।
ਮਹਾਰਾਣੀ ਜਿੰਦਾਂ ਦੀ ਹੋਂਦ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਆਪਣਾ ਰਾਜ ਸਥਾਪਤ ਕਰਨ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਜਾਪੀ । ਸਿੱਖ ਰਾਜ ਵਿੱਚ ਦੋ ਧੜੇ ਬਣ ਗਏ: ਇੱਕ ਮਹਾਰਾਣੀ ਜਿੰਦਾਂ ਦਾ ਧੜਾ ਜੋ ਅੰਗਰੇਜ਼ਾਂ ਤੋਂ ਖਲਾਸੀ ਚਾਹੁੰਦਾ ਸੀ, ਅਤੇ ਦੂਜਾ ਤੇਜਾ ਸਿੰਘ ਦਾ ਧੜਾ ਜੋ ਹਰ ਕਿਸਮ ਦੀਆਂ ਸ਼ਰਤਾਂ ਮੰਨ ਕੇ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਰੱਖਣਾ ਚਾਹੁੰਦਾ ਸੀ । ਮਹਾਰਾਜਾ ਦਲੀਪ ਸਿੰਘ ਉੱਪਰ ਮਹਾਰਾਣੀ ਜਿੰਦਾਂ ਦਾ ਵਧਦਾ ਪ੍ਰਭਾਵ ਦੇਖ ਕੇ ਅੰਗਰੇਜ਼ ਮਾਂ-ਪੁੱਤਰ ਨੂੰ ਵੱਖ ਕਰਨ ਦੀਆਂ ਚਾਲਾਂ ਚੱਲਣ ਲੱਗੇ । ਇਸ ਲਈ, 20 ਅਗਸਤ, 1847 ਨੂੰ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ । ਉਨ੍ਹਾਂ ਦੀ ਪੈਨਸ਼ਨ ਵੀ ਘਟਾ ਕੇ 48 ਹਜ਼ਾਰ ਰੁਪਏ ਸਾਲਾਨਾ ਕਰ ਦਿੱਤੀ ਗਈ. ਮਹਾਰਾਣੀ ਨੇ ਆਪਣੇ ਉੱਪਰ ਲਾਏ ਗਏ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਅਤੇ ਸਰਦਾਰ ਜੀਵਨ ਸਿੰਘ ਨੂੰ ਵਕੀਲ ਬਣਾ ਕੇ ਗਵਰਨਰ ਜਨਰਲ ਨੂੰ ਮਿਲਣ ਲਈ ਕਲਕੱਤੇ ਭੇਜਿਆ, ਪਰ ਇਸ ਸੰਬੰਧੀ ਕੋਈ ਜਾਂਚ ਨਹੀਂ ਕੀਤੀ ਗਈ ।
ਅਪ੍ਰੈਲ 1848 ਵਿੱਚ, ਮੁਲਤਾਨ ਦੀ ਬਗਾਵਤ ਵਿੱਚ ਵੀ ਮਹਾਰਾਣੀ ਦਾ ਹੱਥ ਹੋਣ ਦਾ ਸ਼ੱਕ ਕੀਤਾ ਗਿਆ ਅਤੇ ਉਨ੍ਹਾਂ ਦੀ ਪੈਨਸ਼ਨ ਹੋਰ ਵੀ ਘਟਾ ਕੇ 12 ਹਜ਼ਾਰ ਰੁਪਏ ਸਾਲਾਨਾ ਕਰ ਦਿੱਤੀ ਗਈ । ਮਹਾਰਾਣੀ ਨੂੰ ਸ਼ੇਖੂਪੁਰੇ ਤੋਂ ਬਨਾਰਸ ਅਤੇ ਫਿਰ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ । 18 ਅਪ੍ਰੈਲ, 1849 ਨੂੰ, ਮਹਾਰਾਣੀ ਇੱਕ ਨੌਕਰਾਣੀ ਦੇ ਭੇਸ ਵਿੱਚ ਉੱਥੋਂ ਨਿਕਲ ਕੇ ਨੇਪਾਲ ਆ ਗਈ । ਕਾਠਮੰਡੂ ਵਿੱਚ, ਨੇਪਾਲ ਦੇ ਰਾਣਾ ਨੇ ਸ਼ੇਰੇ ਪੰਜਾਬ ਦੀ ਵਿਧਵਾ ਦੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੂੰ 20 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਵੀ ਦਿੱਤੀ ।
ਸਾਲ 1854 ਵਿੱਚ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ । ਨੇਪਾਲ ਦਰਬਾਰ ਨੇ ਅੰਗਰੇਜ਼ ਸਰਕਾਰ ਦੇ ਦਬਾਅ ਹੇਠ ਆ ਕੇ ਮਹਾਰਾਣੀ ਉੱਪਰ ਕਈ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ । ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸੀ, ਪਰ ਉਸਨੂੰ ਨੇਪਾਲ ਆਉਣ ਦੀ ਆਗਿਆ ਨਹੀਂ ਮਿਲੀ। ਹਾਲਾਂਕਿ, ਕਲਕੱਤੇ ਆਉਣ ਦੀ ਇਜਾਜ਼ਤ ਨਾਲ ਉਹ ਭਾਰਤ ਆਇਆ ਅਤੇ ਕਲਕੱਤੇ ਪਹੁੰਚਿਆ । ਮਹਾਰਾਣੀ ਵੀ ਆਪਣੇ ਉੱਪਰ ਲਾਈਆਂ ਪਾਬੰਦੀਆਂ ਤੋਂ ਤੰਗ ਆ ਚੁੱਕੀ ਸੀ । ਇਸ ਲਈ, 12 ਸਾਲ ਨੇਪਾਲ ਵਿੱਚ ਰਹਿਣ ਤੋਂ ਬਾਅਦ, ਉਹ ਆਪਣੇ ਪੁੱਤਰ ਨੂੰ ਮਿਲਣ ਲਈ ਕਲਕੱਤੇ ਪਹੁੰਚੀ । ਬਾਅਦ ਵਿੱਚ, ਦਲੀਪ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ।
ਅੰਗਰੇਜ਼ ਅਫਸਰਾਂ ਨੂੰ ਮਾਂ-ਪੁੱਤਰ ਦਾ ਇਕੱਠਾ ਰਹਿਣਾ ਖ਼ਤਰਨਾਕ ਜਾਪਿਆ ਅਤੇ ਉਨ੍ਹਾਂ ਨੂੰ ਵੱਖ ਰਹਿਣ ਲਈ ਮਜਬੂਰ ਕੀਤਾ ਗਿਆ। ਮਹਾਰਾਣੀ ਨੂੰ ਕੈਨਸਿੰਗਟਨ ਵਿੱਚ ਐਬਿੰਗਟਨ ਹਾਊਸ ਭੇਜਿਆ ਗਿਆ । ਮਹਾਰਾਣੀ ਦੀ ਸਿਹਤ ਦਿਨੋ-ਦਿਨ ਵਿਗੜਦੀ ਗਈ । ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸੰਸਕਾਰ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੇੜੇ ਕੀਤਾ ਜਾਵੇ । 01 ਅਗਸਤ 1863 ਨੂੰ ਮਹਾਰਾਣੀ ਜਿੰਦ ਕੌਰ ਦੀ ਮੌਤ ਹੋ ਗਈ । ਉਨ੍ਹਾਂ ਦੀ ਲਾਸ਼ ਨੂੰ ਕੈਨਸ਼ਲ ਗ੍ਰੀਨ ਕਬਰਸਤਾਨ ਦੀ ਇੱਕ ਗੁਫਾ ਵਿੱਚ ਰੱਖਿਆ ਗਿਆ । ਸਾਲ 1864 ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਭਾਰਤ ਆਉਣ ਦੀ ਆਗਿਆ ਮਿਲੀ, ਪਰ ਉਹ ਆਪਣੀ ਮਾਂ ਦੀ ਅੰਤਿਮ ਇੱਛਾ ਪੂਰੀ ਨਾ ਕਰ ਸਕਿਆ ਕਿਉਂਕਿ ਉਸਦੇ ਪੰਜਾਬ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ । ਅੰਤ ਵਿੱਚ, ਬੰਬਈ ਦੇ ਨਜ਼ਦੀਕ ਨਾਸਿਕ ਵਿਖੇ ਗੋਦਾਵਰੀ ਨਦੀ ਦੇ ਕੰਢੇ, ਉਸਨੇ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਅਤੇ ਉਨ੍ਹਾਂ ਦੇ ਫੁੱਲ ਗੋਦਾਵਰੀ ਵਿੱਚ ਹੀ ਜਲ ਪ੍ਰਵਾਹ ਕੀਤੇ ।
ਕਾਫੀ ਸਮੇਂ ਬਾਅਦ, ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਬੰਬਾ ਦਲੀਪ ਸਿੰਘ ਨੇ 27 ਮਾਰਚ, 1924 ਨੂੰ ਸ਼ੇਰੇ ਪੰਜਾਬ ਦੀ ਸਮਾਧ ਨੇੜੇ ਸਰਦਾਰ ਹਰਬੰਸ ਸਿੰਘ ਅਟਾਰੀ ਤੋਂ ਅਰਦਾਸ ਕਰਵਾ ਕੇ ਨਾਸਿਕ ਤੋਂ ਲਿਆਂਦੀ ਮਹਾਰਾਣੀ ਦੀ ਭਸਮ ਸਥਾਪਤ ਕਰਵਾਈ, ਜਿੱਥੇ ਹੁਣ ਸਮਾਧ ਬਣਾਈ ਜਾ ਚੁੱਕੀ ਹੈ ।-ਸ੍ਰੋਤ ਭਾਸ਼ਾ ਵਿਭਾਗ।

-
ਹਰਜਿੰਦਰ ਸਿੰਘ ਬਸਿਆਲਾ-, writer
hsbasiala25@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.