ਪਹਿਲੀ ਅਗਸਤ ਤੋਂ ਨੌਵੀਂ ਤੋਂ ਬਾਰਵੀਂ ਤੱਕ ਦੇ 8 ਲੱਖ ਵਿਦਿਆਰਥੀ ਪੜ੍ਹਨਗੇ ਨਸ਼ਾ ਵਿਰੋਧੀ ਜਾਗਰੂਕਤਾ ਪਾਠਕ੍ਰਮ - ਸ਼ੈਰੀ ਕਲਸੀ
- ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 45 ਵਿੱਚ ਕੀਤੀ ਨਸ਼ਾ ਮੁਕਤੀ ਯਾਤਰਾ ਰੈਲੀ
ਰੋਹਿਤ ਗੁਪਤਾ
ਬਟਾਲਾ, 31 ਜੁਲਾਈ 2025 - ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਪੰਜਾਬ 'ਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਤੇ ਰੰਗਲੇ ਪੰਜਾਬ ਦੀ ਸਿਰਜਣਾ ਦੇ ਸਟੈਂਡ ਦਾ ਮੁੜ ਪ੍ਰਗਟਾਵਾ ਕਰਦਿਆਂ ਸਪੱਸ਼ਟ ਕੀਤਾ ਕਿ ਨਸ਼ਿਆਂ ਦਾ ਖਾਤਮਾ ਕਰਕੇ ਹੀ ਮਾਨ ਸਰਕਾਰ ਦਮ ਲਵੇਗੀ ਅਤੇ ਪਹਿਲੀ ਮਾਰਚ ਤੋਂ ਵਿੱਢਿਆ 'ਯੁੱਧ ਨਸ਼ਿਆ ਵਿਰੁੱਧ' ਪਹਿਲੀ ਅਗਸਤ ਤੋਂ ਤੀਸਰੇ ਪੜਾਅ 'ਚ ਦਾਖ਼ਲ ਹੋਣ ਜਾ ਰਿਹਾ ਹੈ। ਜਿਸ ਤਹਿਤ ਸੂਬੇ ਭਰ ਦੇ ਸਕੂਲਾਂ ਵਿੱਚ ਨੌਵੀਂ ਤੋਂ 12 ਵੀਂ ਜਮਾਤ ਤੱਕ ਪੜ੍ਹਦੇ 8 ਲੱਖ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਦੇ ਪਾਠਕ੍ਰਮ 'ਚ ਨਿਵੇਕਲਾ ਨਸ਼ਿਆਂ ਵਿਰੁੱਧ ਜਾਗਰੂਕਤਾ ਵਿਸ਼ਾ ਸ਼ਾਮਲ ਕੀਤਾ ਗਿਆ ਹੈ, ਜਿਸਨੂੰ 6500 ਸਿਖਲਾਈ ਪ੍ਰਾਪਤ ਅਧਿਆਪਕ ਗਿਆਨ ਤੇ ਹੁਨਰ ਨਾਲ ਪੜ੍ਹਾਉਣਗੇ।ਸੂਬੇ ਪੱਧਰ 'ਤੇ ਵਿਦਿਆਰਥੀਆਂ ਨੂੰ ਪਾਠਕ੍ਰਮ ਪੜ੍ਹਾਉਣ ਦੀ ਰਸਮੀ ਸ਼ੁਰੂਆਤ ਸਵੇਰੇ ਪਹਿਲੀ ਅਗਸਤ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ,ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਸਾਂਝੇ ਤੌਰ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਅਰਨੀਵਾਲਾ ਤੋਂ ਕਰਨਗੇ।
ਵਿਧਾਇਕ ਸ਼ੈਰੀ ਕਲਸੀ ਨੇ ਹਲਕੇ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਕਰਵਾਈ 'ਨਸ਼ਾ ਮੁਕਤੀ ਯਾਤਰਾ' ਵਿੱਚ ਵਾਰਡ ਨੰਬਰ 45 ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਚੋਂ ਇਹ ਪਹਿਲਾ ਤੇ ਅਨੋਖਾ ਪਾਠਕ੍ਰਮ ਤੇ ਪ੍ਰਯੋਗੀ ਪ੍ਰੋਗਰਾਮ ਵਿਸ਼ਵ ਦੇ ਵੱਕਾਰੀ ਨੋਬਲ ਪੁਰਸਕਾਰ ਵਿਜੇਤਾ ਸ੍ਰੀ ਅਭਿਨੀਤ ਚੈਟਰਜੀ ਤੇ ਉਨਾਂ ਦੀ ਸੰਸਥਾ ਦੇ ਸਹਿਯੋਗ ਨਾਲ ਸੂਬਾ ਮਾਨ ਸਰਕਾਰ ਵਲੋਂ ਤਿਆਰ ਕੀਤਾ ਗਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਪੜ੍ਹਾ ਕੇ ਜਾਗਰੂਕ ਕਰਨ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਯੁੱਧ ਵਿੱਚ ਪੁਲੀਸ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਵਾਈ ਵਿੱਚ ਕੋਈ ਢਿੱਲ ਮੱਠ ਨਹੀਂ ਰਹੇਗੀ। ਉਨਾਂ ਕਿਹਾ ਕਿ ਸਰਕਾਰ ਕੋਲੋਂ ਨਸ਼ਾ ਤਸਕਰ ਆਪਣੀ ਪਛਾਣ ਨਹੀਂ ਛੁਪਾ ਸਕਦੇ ਕਿਉਂਕਿ ਸਰਕਾਰ ਨੇ ਖੁਫੀਆਂ ਸਰੋਤਾਂ ਰਾਹੀਂ ਪੰਜਾਬ ਨੂੰ ਤਬਾਹ ਕਰਨ 'ਚ ਤੁਲੇ ਤੇ ਪੰਜਾਬ ਨੂੰ ਛੱਡ ਕੇ ਬਾਹਰਲੇ ਸੂਬਿਆਂ ਚ ਚਲੇ ਗਏ ਨਸ਼ਾ ਤਸਕਰਾਂ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਅਜਿਹੇ ਅਨਸਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਨ ਲਈ ਯੋਜਨਾਵਾਂ ਹਨ।
ਜਾਗਰੂਕਤਾ ਰੈਲੀਆਂ ਵਿੱਚ ਸਮੂਹ ਹਾਜ਼ਰੀਨ ਕੋਲੋ ਉਹਨਾਂ ਨੇ ਨਸ਼ਿਆਂ ਦੇ ਖਾਤਮੇ ਲਈ ਆਪ ਮੁਹਾਰੇ ਸਹਿਯੋਗ ਦੀ ਮੰਗ ਕਰਦਿਆਂ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੇ ਸਹਿਯੋਗ ਲਈ ਸਮੂਹਿਕ ਹਲਫ਼ ਦਿਵਾਏ।
ਇਸ ਮੌਕੇ ਅੰਮ੍ਰਿਤ ਕਲਸੀ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਮਾਸਟਰ ਤਿਲਕ ਰਾਜ, ਅਵਤਾਰ ਸਿੰਘ ਕਲਸੀ, ਮਨਜੀਤ ਸਿੰਘ ਬੁਮਰਾਹ ਵਾਇਸ ਕੁਆਰਡੀਨੇਟਰ ਨਸ਼ਾ ਮੁਕਤੀ ਯਾਤਰਾ, ਭੁਪਿੰਦਰ ਸਿੰਘ ਅਤੇ ਵੀਨੂੰ ਕਾਹਲੋਂ ਆਦਿ ਮੌਜੂਦ ਸਨ।