ਚੇਅਰਮੈਨ ਰਮਨ ਬਹਿਲ ਨੇ ਪਿੰਡ ਬਾਜੇਚੱਕ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
ਬੁਨਿਆਦੀ ਸਹੂਲਤਾਂ ਤੇ ਵਿਕਾਸ ਪੱਖੋਂ ਹੁਣ ਪਿੰਡ ਵੀ ਪਿੱਛੇ ਨਹੀਂ ਰਹਿਣਗੇ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 23 ਮਾਰਚ ਪੰਜਾਬ ਸਰਕਾਰ ਵੱਲੋਂ ਵਿਕਾਸ ਕ੍ਰਾਂਤੀ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਬੁੁਨਿਆਦੀ ਸਹੂਲਤਾਂ ਤੇ ਵਿਕਾਸ ਪੱਖੋਂ ਹੁਣ ਪਿੰਡ ਵੀ ਪਿੱਛੇ ਨਹੀਂ ਰਹਿਣਗੇ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਿੰਡ ਬਾਜੇਚੱਕ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਬਾਜੇਚੱਕ ਵਿਖੇ ਸੀਵਰੇਜ ਪਾਇਆ ਜਾ ਰਿਹਾ ਹੈ ਅਤੇ 12.37 ਲੱਖ ਰੁਪਏ ਖਰਚ ਕਰਕੇ ਛੱਪੜ ਦੀ ਚਾਰਦੀਵਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਗਲੀਆਂ-ਨਾਲੀਆਂ ਦਾ ਕੰਮ ਵੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਦੋ ਹੈਂਡ ਪੰਪ ਲਗਾਉਣ ਦੇ ਨਾਲ ਪੀ.ਐੱਮ. ਅਵਾਸ ਯੋਜਨਾ ਤਹਿਤ 10 ਘਰਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਬਾਜੇਚੱਕ ਨੂੰ ਵਿਕਾਸ ਕਾਰਜਾਂ ਲਈ ਜੋ ਵੀ ਗ੍ਰਾਂਟ ਲੋੜੀਂਦੀ ਹੋਵੇਗੀ ਉਹ ਵੀ ਦਿੱਤੀ ਜਾਵੇਗੀ। ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਗ੍ਰਾਂਟ ਨੂੰ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਪਿੰਡ ਦੇ ਵਿਕਾਸ ਉੱਪਰ ਖਰਚ ਕਰਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀ ਨਵੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਸਹੂਲਤ, ਘਰਾਂ ਦੇ ਨੇੜੇ ਆਮ ਆਦਮੀ ਕਲੀਨਿਕਾਂ ਦੀ ਸਥਾਪਨਾਂ, ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕਰਨ ਤੋਂ ਇਲਾਵਾ ਨੌਜਵਾਨ ਲੜਕੇ-ਲੜਕੀਆਂ ਨੂੰ 50000 ਤੋਂ ਵੱਧ ਮੈਰਿਟ ਦੇ ਅਧਾਰ `ਤੇ ਸਰਕਾਰੀ ਨੌਂਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਅਵਾਮ ਦੀ ਬਿਹਤਰੀ ਲਈ ਭਲਾਈ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਵਿਕਾਸ ਦੀ ਗਤੀ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।