ਨਰਿੰਦਰ ਕੌਰ ਭਰਾਜ ਵੱਲੋਂ ਸਰਕਾਰੀ ਗਊਸ਼ਾਲਾ ਝਨੇੜੀ ਵਿਖੇ 65.90 ਲੱਖ ਦੀ ਲਾਗਤ ਨਾਲ ਬਣੇ ਨਵੇਂ ਸ਼ੈਡਾਂ ਦਾ ਉਦਘਾਟਨ
ਦਲਜੀਤ ਕੌਰ
ਭਵਾਨੀਗੜ੍ਹ/ਸੰਗਰੂਰ, 17 ਮਾਰਚ, 2025: ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਅੱਜ ਸਰਕਾਰੀ ਗਊਸ਼ਾਲਾ ਝਨੇੜੀ ਵਿਖੇ ਨਵੇਂ ਬਣਾਏ ਗਏ ਸ਼ੈਡਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਸਹਾਰਾ ਪਸ਼ੂ ਧਨ ਨੂੰ ਸੰਭਾਲਣ ਲਈ ਇਸ ਸਰਕਾਰੀ ਗਊਸ਼ਾਲਾ ਵਿੱਚ ਬੇਹਤਰੀਨ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਗਊਸ਼ਾਲਾ ਵਿੱਚ ਲਿਆਂਦੇ ਜਾਣ ਵਾਲੇ ਬੇਸਹਾਰਾ ਪਸ਼ੂ ਧਨ ਨੂੰ ਸੁਰੱਖਿਅਤ ਅਤੇ ਛਾਂਦਾਰ ਮਾਹੌਲ ਦੇਣ ਲਈ ਇਹਨਾਂ ਸ਼ੈਡਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਸ ਉੱਤੇ ਲਗਭਗ 65.90 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਦੌਰਾਨ ਉਹਨਾਂ ਨੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਅਤੇ ਆਉਂਦੇ ਸਮੇਂ ਵਿੱਚ ਹੋਰ ਵੀ ਸੁਵਿਧਾਵਾਂ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੇਂ ਸਮੇਂ ਤੇ ਇਸ ਗਊਸ਼ਾਲਾ ਦਾ ਦੌਰਾ ਕਰਦੇ ਰਹਿਣ ਅਤੇ ਇੱਥੇ ਪਸ਼ੂ ਧਨ ਲਈ ਲੋੜੀਂਦੀਆਂ ਸਹੂਲਤਾਂ ਲਈ ਯਤਨਸ਼ੀਲ ਰਹਿਣ ਕਿਉਂ ਜੋ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਗਰਮੀ ਪੈਣ ਦੀ ਸੰਭਾਵਨਾ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਜਗਸੀਰ ਸਿੰਘ ਝਨੇੜੀ, ਨਾਇਬ ਤਹਿਸੀਲਦਾਰ ਹਰਪ੍ਰੀਤ ਸਿੰਘ ਗਿੱਲ ਅਤੇ ਗਊਸ਼ਾਲਾ ਦੇ ਪ੍ਰਬੰਧਕ ਗੁਰਧਿਆਨ ਸਿੰਘ, ਰੌਸ਼ਨ ਲਾਲ, ਰਾਜ ਨਫਰੀਆਂ , ਹਰਮੇਲ ਬਟਰੀਆਣਾ ਸਮੇਤ ਹੋਰ ਸ਼ਖਸ਼ੀਅਤਾਂ ਵੀ ਮੌਜੂਦ ਸਨ।