ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕਿਸਾਨ ਆਗੂਆਂ ਦੇ ਘਰੀਂ ਛਾਪੇਮਾਰੀ ਰਾਹੀਂ ਦਹਿਸ਼ਤ ਪੌਣੀ ਤੇ ਗ੍ਰਿਫਤਾਰੀਆਂ ਧੱਕੇਸ਼ਾਹੀ ਕਰਾਰ
ਅਸ਼ੋਕ ਵਰਮਾ
ਬਠਿੰਡਾ,6 ਮਾਰਚ 2025: ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕਰਕੇ ਦਹਿਸ਼ਤ ਪਾਉਣਾ ਤੇ ਗ੍ਰਿਫਤਾਰ ਕਰਕੇ ਲੋਕਾਂ ਨੂੰ ਸ਼ਾਂਤਮਈ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੋਂ ਵਾਂਝੇ ਕਰਨ ਨੂੰ ਸ਼ਰੇਆਮ ਧੱਕੇਸ਼ਾਹੀ ਦਸਦਿਆਂ ਮਜ਼ਦੂਰ ਮੁਕਤੀ ਮੋਰਚਾ ਨੇ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੋਰਚੇ ਦੇ ਸਫਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਲੰਮੇ ਸਮੇਂ ਤੋਂ ਸਰਕਾਰ ਦਾ ਔਰਤਾਂ ,ਪੈਨਸ਼ਨਰਾਂ ਕਿਸਾਨਾਂ,ਵਿਦਿਆਰਥੀਆਂ ਮਜਦੂਰਾਂ,ਛੋਟੇ ਦੁਕਾਨਦਾਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਰਵਈਆ ਏਨਾ ਬੇਕਿਰਕ ਹੈ,ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪੈਦਾਵਾਰੀ ਸਾਧਨਾਂ ਤੇ ਜ਼ਮੀਨ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਹਾਕਮ ਧਿਰ ਵਲੋਂ ਅਪਣਾਈਆਂ ਗਈਆਂ ਨੀਤੀਆਂ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਸਰਕਾਰ ਦੀਆਂ ਇਹਨਾਂ ਨੀਤੀਆਂ ਖਿਲਾਫ ਸੰਘਰਸ਼ ਕਰਨ ਕਰਕੇ ਹਾਕਮਾਂ ਨੂੰ ਇਹ ਨੀਤੀਆਂ ਲਾਗੂ ਕਰਨ ਵਿਚ ਦਿੱਕਤ ਪੇਸ਼ ਆ ਰਹੀ ਹੈ ਜਿਸ ਕਾਰਨ ਕੇਦਰੀ ਸਰਕਾਰ ਅਤੇ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਇਸ ਸੰਘਰਸ਼ ਉਪਰ ਜਬਰ ਕਰਕੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕਮਿਕ ਹਨ,ਜੋ ਲੋਕਤੰਤਰ ਦੇ ਬੁਨਿਆਦੀ ਤੱਤ ਨੂੰ ਹੀ ਖ਼ਤਮ ਕਰਨ ਦਾ ਰਾਹ ਹੈ । ਉਹਨਾਂ ਦੱਸਿਆ ਕਿ ਪੁਲਿਸ ਨੇ ਆਪਣੀ ਕਾਰਵਾਈ ਦੌਰਾਨ ਬਿਮਾਰ ਆਗੂਆਂ ਨੂੰ ਵੀ ਨਹੀਂ ਬਖਸ਼ਿਆ ਜਦੋਂ ਕਿ ਕਈ ਅਜਿਹੇ ਵਿਅਕਤੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਜਿਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਰੋਕਾਰ ਵੀ ਨਹੀਂ ਸੀ। ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਤੁਰੰਤ ਗੱਲਬਾਤ ਕਰਕੇ ਕਿਸਾਨਾਂ ਦੀਆਂ ਸਮੂਹ ਮੰਗਾਂ ਮੰਨੇ ਤਾਂ ਜੋ ਭਵਿੱਖ ਵਿੱਚ ਉਹਨਾਂ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਹੀ ਨਾ ਪਵੇ।