‘ਯੁੱਧ ਨਸ਼ਿਆਂ ਵਿਰੁੱਧ’: ਪੁਲਿਸ ਵਿਭਾਗ ਨੇ ਹੈਲਪ ਲਾਈਨ ਨੰਬਰ ਕੀਤੇ ਜਾਰੀ
— ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਵਿਭਾਗ ਵੱਲੋਂ ਜਿ਼ਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਲੋਕਾਂ ਨੂੰ ਕੀਤਾ ਗਿਆ ਜਾਗਰੂਕ
— ਲੋਕਾਂ ਨੂੰ ਨਸਿ਼ਆਂ ਅਤੇ ਸ਼ਰਾਰਤੀ ਅਨਸਰਾਂ ਬਾਰੇ ਪੁਲਿਸ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ, 06 ਮਾਰਚ 2025 - ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਅਖਿਲ ਚੌਧਰੀ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਪੁਲਿਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੋਟੀਆ ਅਤੇ ਲੰਬੀ ਢਾਬ ਵਿਖੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਡੀ.ਐਸ.ਪੀ. ਸ੍ਰੀ ਸਤਨਾਮ ਸਿੰਘ ਅਤੇ ਡੀ.ਐਸ.ਪੀ. ਸ੍ਰੀ ਅਵਤਾਰ ਸਿੰਘ ਰਾਜਪਾਲ ਨੇ ਇਹਨਾਂ ਪਿੰਡਾਂ ਵਿੱਚ ਇਕੱਤਰ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਨਸ਼ਾ ਇੱਕ ਬਹੁਤ ਭੈੜੀ ਬਿਮਾਰੀ ਹੈ, ਇਸ ਤੋਂ ਬਚਣਾ ਬਹੁਤ ਜਰੂਰੀ ਹੈ।
ਉਹਨਾਂ ਅੱਗੇ ਕਿਹਾ ਕਿ ਜੋ ਲੋਕ ਨਸਿ਼ਆਂ ਤੇ ਸ਼ਰਾਰਤੀ ਅਨਸਰਾਂ ਬਾਰੇ ਜਾਣਕਾਰੀ ਥਾਣਿਆਂ ਦੇ ਅੰਦਰ ਜਾ ਕੇ ਦੱਸ ਨਹੀਂ ਸਕਦੇ ਅਸੀਂ ਉਹਨਾਂ ਨਾਲ ਰੂਬਰੂ ਹੋ ਕੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸੁਣ ਕੇ ਨਿਪਟਾਰਾ ਕਰਨ ਲਈ ਪੁਲਿਸ ਵਿਭਾਗ ਵਲੋਂ ਜਿ਼ਲ੍ਹੇ ਦੇ ਪਿੰਡਾਂ ਵਿੱਚ ਮੀਟਿੰਗਾਂ ਦਾ ਆਯੋਜਨ ਕਰ ਰਹੇ ਹਾਂ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸਿ਼ਆਂ ਨੂੰ ਠੱਲ ਪਾਉਣ ਲਈ ਪੁਲਿਸ ਨੂੰ ਲੋਕਾਂ ਦੇ ਸਹਿਯੋਗ ਦੀ ਅਹਿਮ ਲੋੜ ਹੈ ਕਿਉਂਕਿ ਆਪ ਸਭਨਾਂ ਦੇ ਸਹਿਯੋਗ ਤੋਂ ਬਿਨ੍ਹਾਂ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ।
ਉਹਨਾਂ ਕਿਹਾ ਕਿ ਜੇਕਰ ਕਿਸੇ ਕੋਲ ਨਸ਼ਿਆਂ ਦੀ ਵਿਕਰੀ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਹੋਵੇ ਤਾਂ ਉਹ ਇਸ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਹੈਲਪ ਲਾਇਨ ਨੰਬਰ 80549—42100 ਅਤੇ ਪੰਜਾਬ ਪੁਲਿਸ ਚੰਡੀਗੜ ਦੇ ਹੈਲਪਲਾਇਨ ਨੰਬਰ 97791—00200 ਤੇ ਸਾਂਝੀ ਕਰ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।