ਰਜਿੰਦਰਾ ਕਾਲਜ ਵਿਖੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 6 ਮਾਰਚ 2025 : ਕੇਂਦਰ ਸਰਕਾਰ ਦੁਆਰਾ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਹਾਈ ਸਕੂਲ, ਹਾਇਰ ਸੈਕੰਡਰੀ, ਆਈ.ਟੀ.ਆਈ., ਡਿਪਲੋਮਾ ਅਤੇ ਗਰੈਜੂਏਸ਼ਨ ਪਾਸ ਉਮੀਦਵਾਰ, ਜਿੰਨ੍ਹਾਂ ਦੀ ਉਮਰ 21 ਤੋਂ 24 ਸਾਲ ਹੈ, ਨੂੰ ਰਜਿਸਟਰ ਕੀਤਾ ਜਾਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸਾਂਝੀ ਕੀਤੀ ਗਈ।
ਇਸ ਦੌਰਾਨ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੀ ਜਾਣਕਾਰੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸਕੀਮ ਦੀ ਵਧੇਰੇ ਜਾਣਕਾਰੀ ਲਈ ਮਨਿਸਟਰੀ ਆਫ ਕਾਰਪੋਰੇਟ ਅਫ਼ੇਰਸ ਤੋਂ ਸ਼੍ਰੀ ਅਨੁਪਮ ਵਸ਼ਿਸਤਾ ਉਚੇਚੇ ਤੌਰ ਤੇ ਪਹੁੰਚੇ, ਉਹਨਾਂ ਨੇ ਸਕੀਮ ਦੀ ਜਾਣਕਾਰੀ ਦੱਸਦੇ ਹੋਏ ਦੱਸਿਆ ਕਿ ਇਸ ਸਕੀਮ ਅਧੀਨ ਬਠਿੰਡਾ ਜਿਲ੍ਹੇ ਦੇ ਕੁੱਲ 192 ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਜਿਵੇਂ ਕਿ ਅੰਬੂਜਾ ਸੀਮੇਂਟ ਲਿਮਟਿਡ, ਗੁਰੂ ਨਾਨਕ ਦੇਵ ਟੀ.ਪੀ.ਪੀ., ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਆਫ ਇੰਡੀਆ, ਡਾਬਰ ਇੰਡੀਆ ਲਿਮਟਿਡ, ਰਿਲਾਇੰਸ ਇੰਡਸਟਰੀਜ਼ ਲਿਮਟਿਡ, ਜੁਬਲੀਐਂਟ ਫੂਡ ਵਰਕਸ, ਐਚ.ਡੀ.ਐਫ.ਸੀ. ਬੈਂਕ, ਇੰਡੋਸਿੰਡ ਬੈਂਕ ਆਦਿ ਦੁਆਰਾ ਇੰਟਰਨਸ਼ਿਪ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇੰਟਰਨਸ਼ਿਪ ਸਕੀਮ ਅਧੀਨ ਇਕ ਉਮੀਦਵਾਰ ਕੇਵਲ ਤਿੰਨ ਕੰਪਨੀਆਂ ਵਿੱਚ ਅਪਲਾਈ ਕਰ ਸਕਦਾ ਹੈ। ਇਸ ਸਕੀਮ ਲਈ ਅਪਲਾਈ ਕਰਨ ਦੀ ਆਖਰੀ ਮਿਤੀ 12 ਮਾਰਚ 2025 ਹੈ। ਇੰਟਰਨਸ਼ਿਪ ਯੋਜਨਾ ਨੂੰ ਕਰਨ ਲਈ ਉਮੀਦਵਾਰ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਤੇ ਨਹੀਂ ਹੋਣਾ ਚਾਹੀਦਾ ਅਤੇ ਪਰਿਵਾਰ ਦੀ ਕੁੱਲ ਸਲਾਨਾ ਆਮਦਨ 8 ਲੱਖ ਰੁਪਏ ਤੋ ਵੱਧ ਨਹੀਂ ਹੋਣੀ ਚਾਹੀਦੀ। ਇਸ ਸਕੀਮ ਰਾਹੀਂ ਹਰੇਕ ਉਮੀਦਵਾਰ ਨੂੰ 5000/- ਰੁਪਏ ਮਾਸਿਕ ਭੱਤਾ ਤੋਂ ਇਲਾਵਾ ਅਲੱਗ ਤੋਂ 6000/- ਰੁਪਏ ਇਕ ਵਾਰ ਮਾਣਭੱਤਾ ਵੀ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਕੋਰਸ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਸਕੀਮ ਬੀਮਾ ਯੋਜਨਾ ਤਹਿਤ ਬੀਮਾ ਕਵਰੇਜ਼ ਵੀ ਦਿੱਤਾ ਜਾਵੇਗਾ।
ਇਸ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਭਾਰਤ ਸਰਕਾਰ ਵੱਲੋਂ 5 ਸਾਲਾਂ ਵਿੱਚ ਕੁੱਲ ਇਕ ਕਰੋੜ ਨੌਜਵਾਨਾਂ ਨੂੰ ਟਾਪ 500 ਕੰਪਨੀਆਂ ਰਾਹੀਂ ਇੰਟਰਨਸ਼ਿਪ ਦੁਆਰਾ ਸਿੱਖਿਅਤ ਕਰਨ ਉਪਰੰਤ ਰੋਜ਼ਗਾਰ ਲਈ ਤਿਆਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਇੰਟਰਨਸ਼ਿਪ ਨੂੰ ਕਰਨ ਦੀ ਕੁੱਲ ਮਿਆਦ 12 ਮਹੀਨੇ ਲਈ ਹੋਵੇਗੀ। ਇਸ ਸਕੀਮ ਦਾ ਮੁੱਖ ਉਦੇਸ਼ ਇੰਡਸਟਰੀ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਰੋਜ਼ਗਾਰ ਲਈ ਤਿਆਰ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਉਤਪੰਨ ਕੀਤੇ ਜਾ ਸਕਣ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਈ ਨੌਜਵਾਨ ਆਪਣੀ ਰਜਿਸਟ੍ਰੇਸ਼ਨ https://pminternship.mca.gov.in ਲਿੰਕ ਉਪਰ ਬਿਲਕੁੱਲ ਮੁਫ਼ਤ ਕਰਵਾ ਸਕਦੇ ਹਨ। ਰਜਿਟ੍ਰੇਸ਼ਨ ਲਈ ਉਮੀਦਵਾਰਾਂ ਕੋਲ ਆਪਣਾ ਅਧਾਰ ਕਾਰਡ ਅਤੇ ਯੋਗਤਾ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਸੀ-ਪਾਈਟ ਸੈਂਟਰ ਕਾਲਝਰਾਣੀ ਤੋਂ ਸੈਂਟਰ ਹੈੱਡ ਸ਼੍ਰੀ ਲਖਵਿੰਦਰ ਸਿੰਘ ਨੇ ਸੀ-ਪਾਈਟ ਸੈਂਟਰ ਵਿਖੇ ਚੱਲ ਰਹੀਆਂ ਵੱਖ-ਵੱਖ ਟ੍ਰੇਨਿੰਗ ਸਬੰਧੀ ਗਾਈਡ ਕੀਤਾ, ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਸੀ-ਪਾਈਟ ਸੈਂਟਰ ਕਾਲਝਰਾਣੀ ਵਿਖੇ ਉਮੀਦਵਾਰ ਆਰਮੀ, ਏਅਰ ਫੋਰਸ, ਪੁਲਿਸ ਦੀ ਟ੍ਰੇਨਿੰਗ ਮੁਫਤ ਕਰ ਸਕਦੇ ਹਨ, ਇਸ ਤੋਂ ਇਲਾਵਾ ਸੈਂਟਰ ਵਿਖੇ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਮੁਫਤ ਕੀਤਾ ਜਾਂਦਾ ਹੈ।
ਜ਼ਿਲ੍ਹਾ ਰੋਜ਼ਗਾਰ ਦਫਤਰ ਤੋਂ ਕਰੀਅਰ ਕੌਸ਼ਲਰ ਸ਼੍ਰੀ ਬਿਕਰਮਜੀਤ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਪਲੇਸਮੈਂਟ ਕੈਂਪ, ਰੋਜਗਾਰ ਮੇਲੇ, ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਸਰਕਾਰੀ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਯੋਤਸਨਾ ਅਤੇ ਸਕੂਲਾਂ ਕਾਲਜਾਂ ਦੇ ਲਗਭਗ 200 ਕਾਊਂਸਲਰ ਸਾਹਿਬਾਨਾਂ ਤੋਂ ਇਲਾਵਾ ਹੋਰ ਅਧਿਕਾਰੀਆਂ ਦੁਆਰਾ ਸ਼ਿਰਕਤ ਕੀਤੀ ਗਈ।
ਰੋਜ਼ਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਉਮੀਦਵਾਰਾਂ ਨੂੰ ਪੀ.ਐਮ. ਇੰਟਰਨਸ਼ਿਪ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਸਰਕਾਰੀ ਰਜਿੰਦਰਾ ਕਾਲਜ ਤੋਂ ਸ਼੍ਰੀਮਤੀ ਸੀਮਾ ਜੀ ਵੱਲੋਂ ਬਾਖੂਬੀ ਨਿਭਾਈ ਗਈ।