ਪੀ ਏ ਯੂ ਦੇ ਵਿਦਿਆਰਥੀਆਂ ਨੇ ਅਕਾਦਮਿਕ ਪ੍ਰਾਪਤੀਆਂ ਕਰਕੇ ਮਾਣ ਹਾਸਿਲ ਕੀਤਾ
ਲੁਧਿਆਣਾ 4 ਮਾਰਚ, 2025 - ਪੀ ਏ ਯੂ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਹੋਏ ਕੌਮੀ ਸੈਮੀਨਾਰਾਂ ਵਿਚ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਪੀਐਚਡੀ ਕੈਮਿਸਟਰੀ ਦੀ ਵਿਦਿਆਰਥਣ ਡਾ. ਵਿਸ਼ਾਲਦੀਪ ਕੌਰ ਨੇ ਸਰਵੋਤਮ ਪੀ ਐਚ ਡੀ ਥੀਸਿਸ ਪੁਰਸਕਾਰ ਹਾਸਿਲ ਕੀਤਾ ਹੈ। ਇਹ ਪੁਰਸਕਾਰ ਉਨਾਂ ਨੇ ਬੀਜੀਜੀਆਈ, ਸੰਗਰੂਰ ਪੰਜਾਬ ਅਤੇ ਐਗਰੀ ਮੀਟ ਫਾਊਂਡੇਸ਼ਨ ਭਾਰਤ ਦੁਆਰਾ ਆਯੋਜਿਤ ਖੇਤੀਬਾੜੀ ਖੋਜ, ਨਵੀਨਤਾ, ਇੰਜੀਨੀਅਰਿੰਗ, ਪੋਸ਼ਣ ਅਤੇ ਤਕਨਾਲੋਜੀ ਦੇ ਨਵੇਂ ਰੁਝਾਨਾਂ 'ਤੇ ਕਾਨਫਰੰਸ ਵਿੱਚ ਜਿੱਤਿਆ।
ਡਾ. ਵਿਸ਼ਾਲਦੀਪ ਕੌਰ ਨੇ ਹਾਲ ਹੀ ਵਿੱਚ ਪੀਐਚਡੀ ਪੂਰੀ ਕੀਤੀ ਹੈ। ਉਨ੍ਹਾਂ ਦੇ ਨਿਗਰਾਨ ਡਾ. ਸੋਨੀਆ ਕੌਸ਼ਲ ਹਨ। ਆਪਣੀ ਡਿਗਰੀ ਦੌਰਾਨ ਉੱਚ ਪ੍ਰਭਾਵ ਵਾਲੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਕਈ ਖੋਜ ਲੇਖ ਵੀ ਪ੍ਰਕਾਸ਼ਿਤ ਕਰਵਾਏ।
ਇਸੇ ਵਰਕਸ਼ਾਪ ਦੌਰਾਨ ਐਮ.ਐਸ.ਸੀ. ਕੈਮਿਸਟਰੀ ਦੀ ਵਿਦਿਆਰਥਣ ਦੀਪਾਂਸ਼ੀ ਸਿੰਗਲਾ ਨੂੰ ਐੱਮ.ਐਸ.ਸੀ. ਸਰਵੋਤਮ ਥੀਸਿਸ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੇ ਪੌਦਿਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਤੇਲ ਦੀ ਜੈਵਿਕ ਸੰਭਾਵਨਾ ਅਤੇ ਉਨ੍ਹਾਂ ਦੇ ਨੈਨੋਇਮਲਸ਼ਨ ਦੀ ਖੋਜ ਕੀਤੀ। ਦੀਪਾਂਸ਼ੀ ਸਿੰਗਲਾ ਨੇ ਹਾਲ ਹੀ ਵਿੱਚ ਡਾ. ਸੋਨੀਆ ਕੌਸ਼ਲ ਦੀ ਅਗਵਾਈ ਵਿਚ ਰਸਾਇਣ ਵਿਗਿਆਨ ਵਿੱਚ ਐਮ.ਐਸ.ਸੀ. ਪੂਰੀ ਕੀਤੀ ਹੈ।
ਇਸ ਕਾਨਫਰੰਸ ਵਿਚ ਪੀ.ਐਚ.ਡੀ. ਦੀ ਖੋਜਾਰਥੀ ਕੁਮਾਰੀ ਰਸ਼ਮੀ ਨੂੰ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਕੁਮਾਰੀ ਰਸ਼ਮੀ ਅਪਣਾ ਖੋਜ ਕਾਰਜ ਡਾ. ਰਿਤੂ ਟੰਡਨ ਦੀ ਅਗਵਾਈ ਹੇਠ ਕਿੰਨੂ ਵਿੱਚ ਤੁੜਾਈ ਤੋਂ ਬਾਅਦ ਦੇ ਨੁਕਸਾਨਾਂ ਦੇ ਪ੍ਰਬੰਧਨ ਬਾਰੇ ਕਰ ਰਹੇ ਹਨ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ ਅਤੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਵਿਭਾਗ ਮੁਖੀ ਡਾ ਮਨਜੀਤ ਕੌਰ ਸਾਂਘਾ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਉਨਾਂ ਦੇ ਨਿਗਰਾਨ ਮਾਹਿਰਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।