ਸ਼੍ਰੀ ਸ਼ਿਵ ਮਹਾਂਪੁਰਾਣ ਕਥਾ: 5ਮਾਰਚ ਸਵੇਰੇ 11 ਵਜੇ ਪ੍ਰਾਚੀਨ ਸ੍ਰੀ ਹਨੁੰਮਾਨ ਮੰਦਰ ਤੋਂ ਸ਼ੁਰੂ ਹੋਵੇਗੀ ਸ਼ੋਭਾ ਯਾਤਰਾ
ਅਸ਼ੋਕ ਵਰਮਾ
ਬਠਿੰਡਾ, 4 ਮਾਰਚ 2025:ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਪੰਜਾਬੀ ਸੱਭਿਅਤਾ ਤੇ ਧਾਰਮਿਕ ਲਹਿਰ ਨਾਲ ਜੋੜਨ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਮਹਿਤਾ ਪਰਿਵਾਰ ਵੱਲੋਂ ਬਠਿੰਡਾ ਵਿੱਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੂਸਰੀ ਵਿਸ਼ਾਲ ਇਤਿਹਾਸਕ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦੇ ਇੰਤਜਾਮ ਪੂਰੇ ਹੋ ਗਏ ਹਨ। ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 5 ਮਾਰਚ, ਬੁੱਧਵਾਰ ਦੀ ਸਵੇਰੇ 11 ਵਜੇ ਪ੍ਰਾਚੀਨ ਸ਼੍ਰੀ ਹਨੁੰਮਾਨ ਮੰਦਰ, ਪੋਸਟ ਆਫਿਸ ਬਾਜ਼ਾਰ ਵਿੱਚ ਪੁਜਾ ਅਰਚਨਾ ਕਰਨ ਤੋਂ ਬਾਅਦ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਹੋਵੇਗੀ, ਉਕਤ ਯਾਤਰਾ ਧੋਬੀ ਬਾਜ਼ਾਰ, ਫਾਇਰ ਬ੍ਰਿਗੇਡ ਚੌਂਕ ਤੋਂ ਹੁੰਦੇ ਹੋਏ ਮਾਲ ਰੋਡ ਪੁੱਜੇਗੀ ਅਤੇ ਸ਼੍ਰੀ ਹਨੁੰਮਾਨ ਜੀ ਦੀ ਮੂਰਤੀ ਦੇ ਨੇੜੇ ਸਮਾਪਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਭਰਵਾਂ ਸਵਾਗਤ ਹੋਵੇਗਾ, ਯਾਤਰਾ 'ਤੇ ਜਗ੍ਹਾ ਜਗ੍ਹਾ ਫੁੱਲਾਂ ਦੀ ਵਰਖਾ ਹੋਵੇਗੀ, ਯਾਤਰਾ ਲਈ ਪਾਣੀ, ਚਾਹ, ਪਕੌੜੇ, ਫਲ ਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਗ੍ਹਾ ਜਗ੍ਹਾ 'ਤੇ ਸ਼ਹਿਰ ਵਾਸੀਆਂ ਵੱਲੋਂ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਪੰਜਾਬੀ ਸੱਭਿਅਤਾ ਨੂੰ ਦਰਸਾਉਣ ਵਾਲੀਆਂ ਝਾਂਕੀਆਂ ਸ਼ਾਮਿਲ ਹੋਣਗੀਆਂ, ਵੱਖ ਵੱਖ ਪਹਿਰਾਵੇ ਵਿੱਚ ਨੰਨ੍ਹੇ ਮੁੰਨੇ ਬੱਚੇ ਯਾਤਰਾ ਦੀ ਸ਼ੋਭਾ ਵਧਾਉਣਗੇ, ਮਹਿਲਾਵਾਂ ਕਲਸ਼ ਲੈ ਕੇ ਚੱਲਣਗੀਆਂ ਅਤੇ ਹੋਰ ਵੀ ਬਹੁਤ ਕੁੱਝ ਇਸ ਯਾਤਰਾ ਵਿੱਚ ਅਦਭੁਤ ਵੇਖਣ ਨੂੰ ਮਿਲੇਗਾ। ਇਸ ਦੌਰਾਨ ਉਨ੍ਹਾਂ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਬੈਂਡ ਦੀ ਵਿਵਸਥਾ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸੇ ਵੀ ਸਮੇਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ, ਉਸ ਤੋਂ ਬਾਅਦ ਬੱਚਿਆਂ ਅਤੇ ਬਜ਼ੁਰਗਾਂ ਦੇ ਹੱਥਾਂ 'ਤੇ ਉਕਤ ਬੈਂਡ ਬੰਨ੍ਹੇ ਜਾਣਗੇ, ਜਿਨ੍ਹਾਂ ਦਾ ਕੁਨੈਕਸ਼ਨ ਮੋਬਾਈਲ ਨਾਲ ਹੋਵੇਗਾ, ਜਿਨ੍ਹਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ, ਇਸ ਨਾਲ ਬੱਚਿਆਂ ਦੇ ਗੁਮ ਹੋਣ ਦੀਆਂ ਸ਼ਿਕਾਇਤਾਂ ਨਹੀਂ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਬੈਂਡ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਸੁਵਿਧਾਵਾਂ ਲਈ ਦੋ ਐਂਬੂਲੈਂਸਾਂ ਤੈਨਾਤ ਰਹਿਣਗੀਆਂ, ਜਦੋਂ ਕਿ ਦਵਾਈਆਂ ਲਈ ਕਨੌਪੀ ਵੀ ਲਗਾਈ ਗਈ ਹੈ, ਜੇਕਰ ਕਿਸੇ ਨੂੰ ਸਿਹਤ ਦੀ ਕੋਈ ਜਿਆਦਾ ਸਮੱਸਿਆ ਆਉਂਦੀ ਹੈ, ਤਾਂ ਉਨ੍ਹਾਂ ਦਾ ਇਲਾਜ ਡਾਕਟਰਾਂ ਵੱਲੋਂ ਮੁਫ਼ਤ ਕੀਤਾ ਜਾਵੇਗਾ, ਜਿਸ ਸਬੰਧੀ ਕਈ ਮਹਿਲਾ ਸਪੈਸ਼ਲਿਸਟ ਡਾਕਟਰ ਤੇ ਹੋਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਲਈ ਮੁਫ਼ਤ ਪਾਸ ਦੀ ਵਿਵਸਥਾ ਕੀਤੀ ਗਈ ਹੈ, ਆਨਲਾਈਨ ਵੀ ਪਾਸ ਬੁੱਕ ਕਰਵਾ ਸਕਦੇ ਹਨ, ਫਿਰ ਵੀ ਜੇਕਰ ਕਿਸੇ ਸ਼ਰਧਾਲੂ ਨੂੰ ਪਾਸ ਨਹੀਂ ਮਿਲਦਾ ਹੈ, ਤਾਂ ਉਹ ਨਿਸ਼ਚਿੰਤ ਹੋ ਕੇ ਕਥਾ ਵਾਲੀ ਜਗ੍ਹਾ 'ਤੇ ਪਹੁੰਚਣ, ਉਨ੍ਹਾਂ ਲਈ ਤਿੰਨ ਗੇਟ ਦੀ ਅਲਗ ਤੋਂ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸ਼੍ਰੀ ਮਹਿਤਾ ਨੇ ਇਹ ਵੀ ਦੱਸਿਆ ਕਿ ਕਥਾ ਵਾਲੀ ਜਗ੍ਹਾ 'ਤੇ ਸ਼ਰਧਾਲੂਆਂ ਲਈ ਰਹਿਣ, ਖਾਣ ਪੀਣ ਦੀ ਮੁਫ਼ਤ ਵਿਵਸਥਾ ਕੀਤੀ ਗਈ ਹੈ, ਅਜਿਹੇ ਵਿੱਚ ਜੇਕਰ ਕੋਈ ਵੀ ਵਿਅਕਤੀ ਪਾਸ ਜਾਂ ਖਾਣ ਪੀਣ ਅਤੇ ਹੋਰ ਸੁਵਿਧਾ ਲਈ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਉਸਦਾ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਟੀਮ ਨਾਲ ਕੋਈ ਸੰਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸਮੇਤ 5 ਮਾਰਚ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਲਈ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਆਪਣੇ ਪੱਧਰ 'ਤੇ ਮੁਫ਼ਤ ਸੇਵਾਵਾਂ ਦੇਣ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਕਥਾ ਵਾਲੀ ਜਗ੍ਹਾ 'ਤੇ ਦੂਜੇ ਸੂਬਿਆਂ ਤੋਂ ਸ਼ਰਧਾਲੂਆਂ ਦਾ ਆਗਮਨ ਸ਼ੁਰੂ ਹੋ ਗਿਆ ਹੈ। ਸ਼੍ਰੀ ਮਹਿਤਾ ਨੇ ਇਹ ਵੀ ਦੱਸਿਆ ਕਿ ਮੋਬਾਇਲ ਚਾਰਜਿੰਗ ਸਬੰਧੀ ਵਿਵਸਥਾ ਕੀਤੀ ਗਈ ਹੈ, ਕਥਾ ਦੀ ਜਗ੍ਹਾ ਦੇ ਬਾਹਰ ਕਨੌਪੀ ਵੀ ਲਗਾਈ ਗਈ ਹੈ। ਅਜਿਹੇ ਵਿੱਚ ਜੇਕਰ ਕਿਸੇ ਸ਼ਰਧਾਲੂ ਦਾ ਮੋਬਾਈਲ ਗੁੰਮ ਹੁੰਦਾ ਹੈ, ਜਾਂ ਕੋਈ ਨਵਾਂ ਸਿਮ ਲੈਣਾ ਹੈ, ਤਾਂ ਉਹ ਉਕਤ ਕਨੌਪੀ ਤੋਂ ਲੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਥਾ ਵਾਲੀ ਜਗ੍ਹਾ 'ਤੇ ਸ਼ਰਧਾਲਵਾਂ ਲਈ 10 ਮੋਬਾਈਲ ਟੁਆਇਲੈਟ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇੱਕ ਮੋਬਾਈਲ ਟੁਆਇਲੈਟ ਵਿੱਚ 15 ਸੀਟਾਂ ਹਨ, ਇਸ ਤਰ੍ਹਾਂ 150 ਮੋਬਾਈਲ ਟੁਆਇਲੈਟ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਨੂੰ ਸ਼ਰਧਾਲੂਆਂ ਦੀ ਮੰਗ ਦੇ ਅਨੁਸਾਰ ਵਧਾਇਆ ਜਾਵੇਗਾ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 5 ਮਾਰਚ ਦੀ ਸ਼ੋਭਾ ਯਾਤਰਾ ਵਿੱਚ ਵੱਧ ਤੋਂ ਵੱਧ ਤਾਦਾਦ ਵਿੱਚ ਹਿੱਸਾ ਲੈਣ, ਜਦੋਂ ਕਿ 6 ਮਾਰਚ ਤੋਂ 12 ਮਾਰਚ ਤੱਕ ਹੋਣ ਵਾਲੀ ਕਥਾ ਵਿੱਚ ਪਹੁੰਚ ਕੇ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦਾ ਆਨੰਦ ਲੈਣ। ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਦਿਨ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਅਖੀਰਲੇ ਚਾਰ ਦਿਨ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲਿਆਂ ਵੱਲੋਂ ਆਪਣੇ ਮੁਖਾਰਬਿੰਦ ਰਾਹੀਂ ਸ਼ਰਧਾਲੂਆਂ ਨੂੰ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਾ ਕੇ ਨਿਹਾਲ ਕੀਤਾ ਜਾਵੇਗਾ।