ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਰੁੱਟੀ ਰਹਿਤ ਵੋਟਰ ਸੂਚੀਆਂ ਯਕੀਨੀ ਬਣਾਉਣ ’ਤੇ ਜ਼ੋਰ
- ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਮਹਿਲਾਵਾਂ ਤੇ 18-19 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਵਧਾਉਣ ਲਈ ਠੋਸ ਉਪਰਾਲੇ ਕਰਨ ਲਈ ਕਿਹਾ
ਜਲੰਧਰ, 4 ਮਾਰਚ 2025: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਦਿਆਂ ਤਰੁੱਟੀ ਰਹਿਤ ਵੋਟਰ ਸੂਚੀਆਂ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੋਟਰ ਸੂਚੀ ਦਾ ਅਨੁਮਾਨਿਤ ਆਬਾਦੀ ਦੇ ਹਿਸਾਬ ਨਾਲ ਲਿੰਗ ਅਨੁਪਾਤ, ਈ.ਪੀ. ਰੇਸ਼ੋ ਅਤੇ ਨੌਜਵਾਨ ਵੋਟਰਾਂ ਸਬੰਧੀ ਗੈਪ ਦਾ ਵਿਸ਼ਲੇਸ਼ਣ ਕਰਨ, ਮ੍ਰਿਤਕ/ਤਬਦੀਲ ਹੋ ਚੁੱਕੇ/ਡੁਪਲੀਕੇਟ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਉਣ ਅਤੇ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਤੋਂ ਰਹਿ ਗਏ ਯੋਗ ਵੋਟਰਾਂ ਦੀ ਸ਼ਨਾਖ਼ਤ ਕਰਕੇ ਵੋਟਾਂ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 100 ਫੀਸਦੀ ਦਰੁੱਸਤ ਵੋਟਰ ਸੂਚੀ ਲਈ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਨੂੰ ਵੋਟਰ ਸੂਚੀ ਦੇ ਹੈਲਥ ਪੈਰਾਮੀਟਰਜ਼ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਡਾ. ਅਗਰਵਾਲ ਨੇ ਅਨੁਮਾਨਿਤ ਆਬਾਦੀ ਦੇ ਸੰਦਰਭ ਵਿੱਚ ਵੋਟਰ ਸੂਚੀ ਵਿੱਚ ਲਿੰਗ ਅਨੁਪਾਤ ਸਬੰਧੀ ਗੈਪ, ਨੌਜਵਾਨ ਵੋਟਰਾਂ ਸਬੰਧੀ ਗੈਪ ਦਾ ਮੁਲਾਂਕਣ ਕਰਦਿਆਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵੋਟਰ ਰਜਿਸਟ੍ਰੇਸ਼ਨ ਵਧਾਉਣ ਲਈ ਠੋਸ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਹਦਾਇਤ ਕੀਤੀ ਕਿ ਮਹਿਲਾਵਾਂ ਦੇ ਨਾਲ-ਨਾਲ 18-19 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ’ਤੇ ਵਿਸ਼ੇਸ਼ ਤਵਜੋਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਲਈ ਕਾਲਜਾਂ/ਯੂਨੀਵਰਸਿਟੀਆਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾ ਕੇ ਵੋਟ ਬਣਾਉਣ ਤੋਂ ਰਹਿੰਦੇ ਯੋਗ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ।
ਮੀਟਿੰਗ ਦੌਰਾਨ ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਤੇ ਰਮਨਦੀਪ ਕੌਰ ਵੀ ਮੌਜੂਦ ਸਨ।