ਸਰਕਾਰੀ ਕਾਲਜ, ਅਬੋਹਰ ਵਿਖੇ' "ਤਕਨਾਲੋਜੀ ਅਤੇ ਮਨੁੱਖਤਾ, ਨੈਤਿਕ ਸੰਤੁਲਨ ਵਿਸ਼ੇ ਤੇ ਐਕਸਟੈਂਸ਼ਨ ਲੈਕਚਰ
ਫਾਜ਼ਿਲਕਾ 4 ਮਾਰਚ 2025….ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ ਕਿੱਤਾ ਮੁਖੀ ਅਤੇ ਹੁਨਰ ਮੁਖੀ ਕਰਨ ਪ੍ਰੋਗਰਾਮ ਸਕੀਮ ਅਧੀਨ ਸਰਕਾਰੀ ਕਾਲਜ ਅਬੋਹਰ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਸ੍ਰੀ ਰਾਜੇਸ਼ ਕੁਮਾਰ ਦੀ ਰਹਿਨੁਮਾਈ ਹੇਠ ਕੰਪਿਊਟਰ ਸਾਇੰਸ ਵਿਭਾਗ ਵੱਲੋਂ "ਤਕਨਾਲੋਜੀ ਅਤੇ ਮਨੁੱਖਤਾ, ਨੈਤਿਕ ਸੰਤੁਲਨ ਵਿਸ਼ੇ ਤੇ ਐਕਸਟੈਂਸ਼ਨ ਲੈਕਚਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਾਰਜਕਾਰੀ ਪ੍ਰਿੰਸੀਪਲ ਡੀਏਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿੱਚ ਡਾ. ਵਿਜੈ ਗਰੋਵਰ ਵੱਲੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਵਿਦਿਆਰਥੀਆਂ ਨੂੰ ਤਕਨਾਲੋਜੀ ਅਤੇ ਨੈਤਿਕ ਮੁੱਲਾਂ ਦੇ ਸੁੰਤੁਲਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਮਨੁੱਖੀ ਜੀਵਨ ਵਿੱਚ ਆਧੁਨਿਕ ਤਕਨਾਲੋਜੀ ਦਾ ਪ੍ਰਭਾਵ ਹੋਣਾ ਚਾਹੀਦਾ ਹੈ ਅਤੇ ਨੈਤਿਕਤਾ ਦੀ ਮਹੱਤਤਾ ਤੋਂ ਵੀ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਜੋਕੇ ਮੁਕਾਬਲੇ ਵਾਲੇ ਸਮਾਜ ’ਚ ਸਾਨੂੰ ਅੱਗੇ ਵਧਣ ਤੇ ਜੀਵਨ ਵਿਚ ਸਫਲ ਵਿਅਕਤੀ ਬਣਨ ਲਈ ਹਰ ਸੰਭਵ ਨਵੀਆਂ ਤਕਨੀਕਾਂ ਦੀ ਲੋੜ ਹੈ। ਇਨ੍ਹਾਂ ਤਕਨੀਕਾਂ ਰਾਹੀਂ ਹੀ ਦੇਸ਼ਾਂ ਨੇ ਸਿਹਤ ਤੋਂ ਲੈ ਕੇ ਸਿੱਖਿਆ, ਰੱਖਿਆ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ’ਚ ਸ਼ਾਨਦਾਰ ਤਰੱਕੀ ਕੀਤੀ ਹੈ। ਇੰਨਾ ਹੀ ਨਹੀਂ ਮਨੁੱਖ ਕਾਫ਼ੀ ਹੱਦ ਤਕ ਤਕਨਾਲੋਜੀ ’ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਤਕਨਾਲੋਜੀ ਸਾਡੇ ਹਰ ਕੰਮ ਨੂੰ ਬਿਹਤਰ ਤੇ ਆਸਾਨ ਬਣਾਉਣ ’ਚ ਸਾਡੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਤਕਨਾਲੋਜੀ ਦੇ ਯੁੱਗ ਵਿੱਚ ਕਿੱਤੇ ਦੇ ਨਾਲ ਨਾਲ ਸਾਨੂੰ ਆਪਣੇ ਅੰਦਰਲੇ ਹੁਨਰ ਨੂੰ ਵੀ ਉਜਾਗਰ ਕਰਨਾ ਚਾਹੀਦਾ ਹੈ ਤੇ ਤਰੱਕੀ ਦੀਆਂ ਰਾਹਾਂ ਤੇ ਜਾਣਾ ਚਾਹੀਦਾ ਹੈ।
ਲੈਕਚਰ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਵੱਲੋਂ ਸਵਾਗਤ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਆਧੁਨਿਕ ਯੁਗ `ਚ ਨੈਤਿਕ ਮੁੱਲਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਨੈਤਿਕਤਾ ਜ਼ਿੰਦਗੀ ਦਾ ਆਧਾਰ ਹੈ ਤੇ ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਜੀਵਨ ਨੂੰ ਸੁਖੀ ਤੇ ਖੁਸ਼ਹਾਲ ਬਣਾਉਂਦੀਆਂ ਹਨ। ਉੱਚੀਆਂ ਕਦਰਾਂ-ਕੀਮਤਾਂ,ਉਸਾਰੂ ਆਦਰਸ਼ ਚੰਗੇ ਸਮਾਜ ਦੀ ਸਿਰਜਣਾ ਕਰਦੀਆਂ ਹਨ। ਸੱਚ ਬੋਲਣਾ, ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਇਮਾਨਦਾਰੀ, ਸਹਿਣਸ਼ੀਲਤਾ ਤੇ ਸਹਿਯੋਗ ਦੀ ਭਾਵਨਾ ਆਦਿ ਸਭ ਨੈਤਿਕ ਗੁਣ ਹਨ ਅਤੇ ਬੱਚਿਆਂ ਨੂੰ ਅਜਿਹੇ ਗੁਣਾਂ ਦੇ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ। ਇਸ ਵਿਸ਼ੇਸ਼ ਲੈਕਚਰ ਦੀ ਸੰਯੋਜਕ ਮੈਡਮ ਮਮਤਾ ਰਾਣੀ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਨੇ ਪੂਰੇ ਕਾਰਜਕ੍ਰਮ ਦਾ ਸੰਚਾਲਨ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਸਟਾਫ ਅਤੇ ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ।